30_2. Doppelganger
ਮੈਂ ਘੁੰਮ ਕੇ ਆਪਣੇ ਆਸੇ-ਪਾਸੇ ਵੇਖਦਾਂ, ਕੋਈ ਨਹੀਂ। ਸਾਰੇ ਕੰਧਾਂ ਚ ਵੜ੍ਹ ਗਏ ਨ, ਪਰ ਕੋਈ ਮੇਰੀ ਗੱਲ ‘ਤੇ ਯਕੀਨ ਨਹੀਂ ਕਰਦਾ। ਸੋ, ਮੈਂ ਵੀ ਆਪਣੀ ਗੱਲ 'ਤੇ ਯਕੀਨ ਨਹੀਂ ਕਰਦਾ। ਵਿਚਲੀ ਗੱਲ, ਵਿਚ ਕਿਹਥੇ ਫ਼ਸ ਗਈ ਏ, ਮੇਰੇ ਨਾਲ਼ ਗੱਲ ਨਹੀਂ ਕਰਦੀ। ਕੋਈ ਕਿਸੇ ਨਾਲ਼ ਗੱਲ ਨਹੀਂ ਕਰਦਾ। ਸਾਰੇ ਆਪੋ-ਆਪਣੇ ਸਿਰ ਚ ਮੂੰਹ ਵਾੜ੍ਹ ਕੇ ਘੂੰ-ਘੂੰ ਪਏ ਕਰਦੇ ਨ। ਘੂੰ-ਘੂੰ ਕਿਹ ਨੇ ਸੁਣਿਆ, ਤੇ ਬੰਦਾ ਕਿਹਨੇ ਵੇਖਿਆ?
ਸੋਚਦਾ ਵਾਂ, ਜਿਹੜੀ ਚੀਜ਼ ਵਿਖਾਲ਼ੀ ਨਾ ਜਾ ਸਕਦੀ ਹੋਵੇ, ਕਯਾ ਓਹ-ਦਾ ਸੱਚੀਂ ‘ਹੋਣਾ ਵੀ’ ਲਾਜ਼ਮੀ ਏ, ਜਾਂ ਨਾ-ਹੋਣਾ ਯਕੀਨੀ ਏ? ਹੋਣ ਦੀ ਕੋਈ ਲੋੜ ਵੀ ਹੋਵੰਦੀ ਏ? ਕੋਈ ਐਸੀ ਸ਼ੈਅ ਜੋ ਜਾਂ ਤਾਂ ਲਭਦੀ ਨਹੀਂ, ਜਾਂ ਹੈ-ਹੀ-ਨਾ-ਹੀ: ਆਪਣੇ ਵੱਲ ਮੇਰਾ ਮੂੰਹ ਕਰਵਾ ਕੇ ਬੈਠ ਗਈ ਏ। ਕੋਈ ਕਿਸੇ ਦਾ ਕਸੂਰ ਮੇਰੇ ਸਿਰ ਆਣ ਚੜ੍ਹਿਆ ਏ, ਤੇ ਮੈਂ ਇਤ-ਥਾਂ ਜੜ੍ਹੀਆਂ ਨੱਚਣ ਡੇਹਾ ਵਾਂ। ਮੈਂ ਕੋਈ ਸੁੱਚਾ ਭਾਂਡਾ ਲਭਦਾ ਵਾਂ। ਅੰਨੇਰੇ ਚ ਹਰ ਸ਼ੈੳਨੂੰ ਜੀਭਾ ਲਾ-ਲਾ ਵੇਖਦਾ ਵਾਂ:ਹੈ ਵੇ?ਜਾਂ ਮੇਰਾ ਕੋਈ ਭੁਲੇਖਾ ਏ?
ਮੈਂ ਕੋਈ ਐਸਾ ਜੰਗਲ ਲੱਭ ਬੈਠਾ ਵਾਂ, ਜਿਸ ਚ ਜਦੋਂ ਕੋਈ ਦਰਖਤ ਡਿਗਦਾ ਏ ਤਾਂ ਦਰਖ਼ਤਾਂ ਦੀ ਗਿਣਤੀ ਨਾ ਘਟਦੀ ਏ, ਨਾ ਵਧਦੀ। ਡਿੱਗਣ ਦੀ ਆਵਾਜ਼ ਵੀ ਨਹੀਂ ਆਵੰਦੀ, ਕਿਓਂਕਿ ਕੰਨਾਂ-ਅੱਖਾਂ ਵਾਲ਼ਾ ਕੋ’ਵੀ ਉਤ-ਥਾਂ ਹੈ-ਨਾ-ਹੀ। ਸਾਰੇ ਆਪੋ ਆਪਣੀ ਕੰਨਾਂ ਚ ਉਤਰ ਗਏ ਨੇ, ਆਪੋ-ਆਪਣੀ ਮਿੱਟੀ ਚ ਉਤਰ ਗਏ ਨ।
ਕੋਈ ਗੱਲ ਕਰਨੀ ਸੀ। ਹੁਣ ਮੈਂ ਨੂੰ ਚੇੱਤਾ ਨਹੀਂ, ਕੀ ਸੀ। ਕੋਈ ਐਸਾ ਦੁੱਖ ਜਿਸ-ਦਾ ਹੁਣ ਕੋਈ ਚੇੱਤਾ ਨਹੀਂ। ਕੋਈ ਨਿੱਤ ਪੈਵੰਦਾ ਮਕੌੜਾ ਜਾਂ ਕੋਈ ਨਿੱਕਾ ਜਿਹਾ ਹਰੇ ਰੰਗ ਦਾ ਸੱਪ ਜਿਹੜਾ ਮੇਰੀ ਲੱਤ ਚ ਰਹਿੰਦਾ ਏ। ਜਿਸ ਬਾਰੇ ਮੈਂ ਸਿਰਫ਼ ਇਤਨਾ ਕੁ ਹੀ ਜਾਣਦਾ ਵਾਂ ਕਿ ਓਹ ਫਿਰਦਾ ਏ, ਕਿਤੋਂ ਵੀ ਨਿਕਲ਼ ਸਕਦਾ ਏ। ਮੇਰੀਆਂ ਉਂਗਲਾਂ ਚੋਂ ਵਹਿੰਦਾ ਏ। ਅੰਨੀ ਜੀਭ ਉਲਾਰਦਾ ਏ, ਕੁਝ ਮੰਗਦਾ ਏ। ਮੈਂ ਧੋਣ ਅੱਗੇ ਕਰ ਦੇਵੰਦਾ ਵਾਂ।
ਅਸੀਂ ਦੋਵ੍ਹੇਂ ਅੰਨੇ ਵਾਂ, ਤੇ ਭੁੱਖੇ ਵੀ। ਦੌੜੀ ਜਾਨੇਂ ਵਾਂ foodbank ਵੱਲ। ਪਰ ਪੈਂਡਾ ਅਸਾਂ ਨੂੰ ਆ ਕੇ ਨਹੀਂ ਲੇਤਾ, ਆਪ ਆਗੇ-ਕੋ ਹੁਏ ਲੇਤ ਹੈ। ਅਸੀਂ 365 ਦਿਨ ਭੁੱਖ ਮਗਰ ਨੱਸਦੇ ਵਾਂ ਤੇ 24 ਘੰਟੇ ਚ ਘੱਟੋ-ਘੱਟ ਇਕ ਵਾਰ ਆਪਣੇ ਮਗਰ। ਇਹ ਮਾਰਗ ਨਹੀਂ ਪਰਦੱਖਣਾ ਏ ਕਿਸੇ ਗਾ਼ਇਬ ਸ਼ੈਅ ਦੀ। ਇਹ ਸਾਰੀਆਂ ਪੈਲ਼ੀਆਂ ਓਹ-ਦੀਆਂ ਨ। ਇਹ ਸਾਰੇ ਮੁਜਾਰ੍ਹੇ ਓਹ-ਦੇ ਨ। ਇਹ ਸਾਰੀ ਕਮਾਈ, ਸਾਰੀ ਖੋਈ ਤੇ ਸਾਰੀ ਬੈਅ— ਓਹ-ਦੀ ਏ। ਜਿਹ ਦਾ ਕੋਈ ਪਤਾ ਨੀ'।
ਮੇਰੇ ਬਾਹਰ ਲੋਕ ਨਹੀਂ, ਲੋੱਕਾਂ ਦੇ ਨਕਸ਼ੇ ਨ। ਮੇਰੇ ਪਿੰਡ ਦਾ ਨਕਸ਼ਾ ਏ। ਇਹ ਹੁਣ ਮੇਰਾ ਪਿੰਡ ਨਹੀਂ। ਇਹ ਮੇਰੇ ਲੋਕ ਨਹੀਂ। ਤੁਸੀਂ ਮੇਰੇ ਲੋਕ ਨਹੀਂ। ਮੇਰੇ ਕੋਈ ਲੋਕ ਨਾ ਸਨ। ਮੈਂ ਹੀਂ ਮੰਨਦਾ ਤੁਸੀਂ ਓਹੀ ਓ, ਜੋ ਮੈਂ ਸਮਝ ਬੈਠਾ ਸਾਂ। ਮੈਂ ਪਤਾ ਨਹੀਂ ਕੀ ਸਮਝਦਾ ਵਾਂ, ਪਰ ਦੁਨੀਆਂ ਮੇਰੀ ਜਾਚੇ ਪੰਜ ਕੁ ਹਜ਼ਾਰ ਸਾਲ਼ ਪਹਿਲਾਂ ਤੁਰੀ ਸੀ, ਤੇ ਪਤਾ ਨਹੀਂ ਕਦੋਂ ਦੀ ਮੁੱਕ ਗਈ ਹੋਵੀ ਏ। ਮੈਂ ਪਤਾ ਨਹੀਂ ਕਦੋਂ ਦਾ ਤੁਰ ਗਿਆ ਵਾਂ। ਅਸੀਂ ਪਤਾ ਨਹੀਂ ਕਦੋਂ ਦੇ ਗੱਲਾਂ ਪਏ ਕਰਦੇ ਵਾਂ।
ਮੈਂ ਤੁਹਾਂ ਦੀ ਮੁਖ਼ਾਲਫਿ਼ਤ ਚ ਲਿਖਦਾ ਵਾਂ। ਮੂੰਹ ‘ਤੋਂ ਹੱਥ ਭੰਵਾ ਕੇ ਲਿਖਦਾ ਵਾਂ। ਪੋਟਿਆਂ ਨਾਲ਼ ਨਹੀਂ, ਹੱਥ ਛਾਤੀ `ਪਰ ਮਾਰ ਕੇ ਲਿਖਦਾ ਵਾਂ। ਮੈਂ ਕੋਈ ਸਿਆਪਾ ਪਿਆ ਕਰਦਾ ਵਾਂ ਤਿਨ੍ਹਾਂ ਦਾ— ਮੇਰਾ। ਮੈਂ ਰੌਂਦੂ ਵਾਂ। ਮੈਂ ਰੋਈ ਜਾਵੰਦਾ ਵਾਂ, ਤੇ ਨੱਚਣ ਬਹਿ ਜਾਵੰਦਾ ਵਾਂ, ਓਹ ਵੀ ਫਿਟੇਹਾਲ-ਫਿਟੇਹਾਲ ਦੀ beat ‘ਤੇ। ਦਫਾਂ ਹੋ ਜਾਵੋ, ਨਹੀਂ ਤਾਂ ਮੈਂ ਥੱਪੜ ਮਾਰ-ਮਾਰ ਕੇ ਤੁਹਾਂ-ਦਾ hairstyle ਖਰਾਬ ਕਰ ਦੇਣਾ ਏ।
ਮੇਰੇ ‘ਤੇ ਨਾ ਜਾਓ, ਮੇਰੀ ਮਾਂ 'ਤੇ ਜਾਓ। ਮੇਰੇ ਪਿੱਛੇ ਨਾ ਆਵੋ: ਦੌੜ ਜਾਵੋ। ਮੇਰੇ ਬੱਸ ਪੈਰ ਨ, ਤੇ ਓਹ ਮੇਰੇ ਨ। ਪਤਾ ਨਹੀਂ ਰੋਜ਼਼ ਕਿਹ-ਥਾਂ ਜਾਵੰਦੇ ਨ, ਕਿਓਂ ਜਾਵੰਦੇ ਨ। ਓਹ ਮੇਰੀ problem ਏ। ਆਪਣੇ ਪੈਰ ਹੀ ਸਾਖੀਆਂ ਹੋਂਦੇ ਨ। ਲਿਖਾਰੀ ਬੜਬੋਲੇ ਤੇ ਫੁਕਰੇ ਹੋਂਦੇ ਨ। ਲਿਖਣ ਨਾ, ਤਾਂ ਕੁਝ ਨਹੀਂ ਹੋਂਦੇ। ਕੱਖ ਵੀ ਨਹੀਂ।
ਇਹ ਸਭ ਓਸ ਬਾਰੇ ਏ ਜਿਸ ਦਾ ਕੋਈ ਸਬੂਤ ਨਹੀਂ, ਸੋ ਕਹਿ ਲਓ ਹੋਇਆ ਹੀ ਨਹੀਂ। ਤੇ ਮੇਰੇ ਲਈ ਬਿਹਤਰ ਹੋਵੇਗਾ ਜੇ ਮੈਂ ਆਪਣੇ ਪੈਰਾਂ ਦੇ ਮਗਰ-ਮਗਰ ਤੁਰਦਾ ਰਹਿਵਾਂ। ਪੈਰ ਕਹਿੰਦੇ ਨੇ, ਅੱਗੇ ਨੂੰ:
→ Forward
ਤੁਰਦਾ-ਤੁਰਦਾ ਮੈਂ ਆਪਣਾ ਖੱਬਾ ਹੱਥ ਮੂੰਹ ‘ਤੇ ਫੇਰ ਕੇ ਲੋਕਾਂ ‘ਤੇ ਸੁਟਦਾ ਆਖਦਾ ਵਾਂ— ਫਿ਼ਟੇਹਾਲ਼! ਫਿਰ ਮੈਂ ਆਪਣਾ ਸੱਜਾ ਹੱਥ ਮੂੰਹ ਤੇ ਫੇਰਦਾ ਵਾਂ ਤੇ ਆਪਣੇ ਮੂੰਹ ਚ ਪਾ ਕੇ ਆਖਦਾ ਵਾਂ— ਫਿਟੇਮੂੰਹ!
The diagnosis finally names what has been haunting the narrator: the Other.
But it is never quite alone. Hunger, isolation, memory, the body, the lost place, the cat, the writing—all begin to look like different traces of the same unseen presence.
He cannot prove that this “second thing” exists. So he does the only thing left to him: follow his feet forward, into it.