01. ਮੇਰਾ ਪਿੰਡ। My Village
ਸ਼ਹਿਰ ਜਾਂਦਿਆਂ ਜਾਂ ਸ਼ਹਿਰੋ ਮੁੜਦਿਆਂ ਪਿੰਡ ਚ ਪਹਿਲਾ ਘਰ ਸਾਡਾ ਆਵੰਦਾ ਸਾ। ਕੰਮੀਆਂ ਦੇ ਘਰ ਪਿੰਡ ਦੇ ਪੁੱਠੇ ਪਾੱਸੇ ਹੋਵੰਦੇ ਸਨ। ਜਾਂ ਕਹਿ ਲਓ ਪੈਲ਼ੀਆਂ ਚ ਦਿਹਾੜੀ ਲਾਵਣ ਵਾਲਿ਼ਆਂ ਦੇ ਘਰ ਪੈਲ਼ੀਆਂ ਨੂੰ ਜਾਂਦਿਆਂ- ਸਭ ਤੋਂ ਪਹਲੇ ਘਰ ਹੋਵੰਦੇ ਸਨ। ਯਾਨੀ ਸਾਡਾ ਪਿੰਡ class division ਦੀ ਸੁਥਰੀ ਉਦਾਹਰਨ ਸਾ। ਜ਼ਾਹਿਰ ਏ ਸ਼ਹਿਰਾਂ ਨੂੰ ਜਾਣ ਵਾਲ਼ੇ ਲੋਕ ਘਰੋਂ ਸੌਖੇ ਲਗਦੇ ਸਨ। ਸੋ ਸਮੇਂ ਦੇ ਨਾਲ਼ੇ ਪੈਲ਼ੀਆਂ ਨੂੰ ਜਾਵਣ ਵਾਲ਼ੇ ਵੀ ਸ਼ਹਿਰਾਂ ਚ ਕੰਮ ਲੱਭਣ ਲਈ ਜਾਣ ਲੱਗ ਪਏ ਸਨ ਤੇ ਸਾਡਾ ਪਿੰਡ ਕੀੜੀ ਦੀ ਚਾਲ਼ ਸ਼ਹਿਰ ਵੱਲ ਨੂੰ ਵਧਣ ਲੱਗਿਆ।
ਨੇੜਲੇ ਪਿੰਡ ਸਾਡੇ ਪਿੰਡ ਨਾਲ਼ੋਂ ਛੇੱਤੀ ਪੁੱਜ ਰਹੇ ਸਨ, ਕਿਓਂਕਿ ਓਨ੍ਹਾਂ ਨੂੰ ਸ਼ਹਿਰ ਨੂੰ ਜਾਵੰਦੀ ਸੜਕ ‘ਤੇ ਚੜਨ ਲਈ ਇਕ ਘੰਟਾ ਨਾ ਤਾਂ ਜੰਗਲ ਟੱਪਣੇ ਪੈਵੰਦੇ ਸਨ, ਨਾ ਕੋਈ ਪਾਣੀ। ਅਸੀਂ ਜਦੋਂ ਜੰਗਲ ਚੋਂ ਨਿਕਲ ਸੜਕ ‘ਤੇ ਚੜ੍ਹ ਬੱਸ ਨੂੰ ਹੱਥ ਦੇਵੰਦੇ ਸਾਂ ਤਾਂ ਬੱਸ ਡਲੈਵਰ ਨੂੰ ਛੱਡ ਬਹੁਤੀਆਂ ਸਵਾਰੀਆਂ ਘੂਰ ਕੇ ਵੇਖਦੀਆਂ ਸਨ, ਕਿ ਹੇ-ਥਾਂ ਕੋਈ ਪਿੰਡ ਵੀ ਹੈ-ਵੇ?
ਸਾਡੇ ਪਾਣੀ ਵੀ ਕੈਸੇ ਸ਼ੈਤਾਨ! ਤੇ ਸ਼ੈਤਾਨੀ ਚੀਜ਼ਾਂ ਨਾਲ਼ ਭਰੇ ਅੰਬਾਂ ਦੇ ਬਾਗ। ਬੁੱਢੀਆਂ-ਟਾਹਲੀਆਂ ਝੂਟੇ ਦੇਵੰਦੀਆਂ, ਤੇ ਅਲ੍ਹੜ-ਜਾਮਣਾਂ ਸਾਨੂੰ ਡਾਹਲ਼ ਤੋਂ ਹੇਠਾਂ ਸੁੱਟ ਦੇਵੰਦੀਆਂ। ਪੱਥਰ ਖਿੜ-ਖਿੜ ਹੱਸਦੇ ਤੇ ਹਾੱਸੇ-ਹਾਸੇ ਚ ਚੋਰ ਘਰ ਸਾਫ਼ ਕਰ ਜਾਵੰਦੇ। ਤੇ ਲੋੱਕਾਂ ਅੰਦਰ ਲੁਕੇ ਲੋਕ, ਜੋ ਅਸਲ ਚ ਲੋਕ-ਪਰਲੋਕ ਦੇ ਲੋਕ ਸਨ, ਉਂਝ ਸਾਡੇ ਚਾਚੇ-ਤਾਏ ਲਗਦੇ ਸਨ। ਬਹੁਤੇ ਸ਼ੈਤਾਨ।
ਸਾਡੇ ਘਰ ਦੇ ਪਿਛਲੇ ਪਾੱਸੇ ਕੁਮਾਰ ਦੀ ਪੈਲ਼ੀ ਏ ਜਿਸ ਚ ਦਸਦੇ ਨ ਕਿਸੇ ਜੱਟੀ ਦੀ ਦੇਹਰੀ ਏ। ਓਂਝ ਦਸਤਾਵੇਜਾਂ ਮੁਤਾਬਿਕ ਪਿੰਡ ਚ ਜੱਟ ਪਰਿਵਾਰ ਕਦਿ ਨਾ ਸਾ ਵਸਿਆ। ਹੋ ਸਕਦਾ ਏ ਵੰਡ ਦੇ ਸਮੇਂ ਦੀ ਕੋਈ ਗੱਲ ਹੋਵੇ, ਪਰ ਅਸਲ-ਗੱਲ ਸੁਨਾਵਣ ਵਾਲ਼ਾ ਕੋਈ ਨਾ ਬਚਿਆ ਹੋਵੇ?
ਖ਼ੈਰ! ਜੱਟੀ ਦੀ ਗੱਲ ਏਹ ਵੈ- ਕਿ ਅੱਵਲ ਤਾਂ ਓਹ ਕੁਮਾਰ ਦੀ ਪੈਲ਼ੀ ਚੋਂ ਬਾਹਰ ਨਹੀਂ ਨਿਕਲ਼ ਸਕਦੀ, ਕਿਓਂਕਿ ਚੰਗੇ ਦੇਵਤਿਆਂ ਨੇ ਓਹ-ਦੀ ਰੂਹ ਨੂੰ ਕੁਝ ਖੁੱਲਾਂ ਦਿੱਤੀਆਂ, ਪਰ ਓਹਨਾਂ ਖੁੱਲਾਂ ਦੀ ਹੱਦਬੰਦੀ ਵੀ ਕਰ ਦਿੱਤੀ ਤਾਂ ਜੋ ਜੱਟੀ ਦਾ ਭੂਤ ਵੀ ਖੁਸ਼ ਰਹਵੇ ਤੇ ਪਿੰਡ ਵੀ ਵਸ ਸਕੇ।
ਪਿੰਡ ਤੋਂ ਬਾਹਰ ਜਾਵੰਦੀ ਸੜਕ ਸਭ ਤੋਂ ਪਹਿਲਾਂ ਕੁਮਾਰ ਦੀ ਪੈਲ਼ੀ ਨਾਲ਼ ਹੀ ਖਹਿੰਦੀ ਏ। ਯਾਨੀ ਪਿੰਡੋਂ ਨਿਕਲਦਿਆਂ ਹੀ ਜੱਟੀ ਨਾਲ਼ ਖਹਿਣਾ ਪੈਵੰਦਾ ਏ। ਕਈ ਵਾਰ ਕਈ ਛੇਵੀਂ ਚ ਪੜ੍ਹਦੇ ਸਾਇੰਸਦਾਨ ਅੰਦਰ ਵੜ-ਵੜ ਕੇ ਲਾਲ ਪੈਂਫ਼ਲੈਟ ਵੰਡਦੇ, ਪਰ ਕੁਮਾਰ ਦੀ ਪੈਲ਼ੀ ਚ ਥੋੜਾ ਜਿੰਨਾਂ ਯੁਰੀਯਾ ਹੀ ਵਧਾ ਕੇ ਘਰ ਮੁੜਦੇ।
The village seems neatly divided until everything begins to cross its boundaries. People become spirits, stones laugh, trees throw children down, and an old story survives without anyone left to tell it properly.
Perhaps that is simply how this village remembers itself.
- ਕੌਣ-ਕੌਣ ਕਿਸ ਦੇ ਨਾਲ਼ ਲੱਗਿਆ ਏ, ਦੱਸੋ। ਡਰਨ ਦੀ ਲੋੜ੍ਹ ਨਹੀਂ, ਅਸੀਂ ਬੱਸ ਜਾਨਣਾ ਚਾਹੁੰਦੇ ਹਾਂ।
- ਆਪਣਾ ਨਾਂ ਬਾਰੰਬਾਰ ਲਵੋ ਤਾਂ ਆਪਣਾ ਨਹੀਂ ਲਗਦਾ। "ਆਪਣਾ" ਸ਼ਬਦ ਦੁਹਰਾਵੀ ਜਾਓ ਤਾਂ ਆਪਣਾ ਨਹੀਂ ਲਗਦਾ।
- ਅੰਞ ਲੱਗਿਆ ਕਿਸੇ ਨੇ ਮੇਰਾ ਨਾ ਲਿਆ ਹੋਵੇ।
- ਸੋ ਸਾਥੀ, ਤੁਸੀਂ ਓਹ ਮੱਛੀ ਹੋ, ਜਿਸ ਨੇ ਵਾਪਿਸ ਸਮੁੰਦਰ ਵੱਲ ਦਾ ਸਫ਼ਰ ਆਰੰਭਣਾ ਏ।