09. ਰਾਗ ਟਟੀਹਰੀ। Song of the Lapwing
ਵੱਸਣ ਭੁੱਖਾਂ। ਵੱਸਣ ਭੁੱਖ-ਰੱਖ ਖਾਵਣ ਵਾਲ਼ੇ। ਵੱਸਣ ਸਿਰਾਂ ਇਚ ਰਹਿਣ ਵਾਲ਼ੇ। ਵੱਸਣ ਸਿਰਾਂ ਦੀਆਂ ਰਸੋਈਆਂ ਤੇ ਓਨ੍ਹਾਂ ਚ ਕੰਮ ਕਰਦੇ ਰਸੋਈਏ। ਵਸਣ ਰਸੋਈਆਂ ਦੇ ਤੰਗ ਲਾਂਘੇ, ਤੇ ਲਾਂਘਿਆਂ ਚ ਖਹਿ ਕੇ ਪੈਂਦੀਆਂ ਯਾਰੀਆਂ।ਇਹ ਗੱਲ ਓਸ ਦਿਨ ਦੀ ਏ ਜਿਹ-ਦਿਨ Leanne ਸਾਡੀ ਰਸੋਈ ਦੇ ਬਾਹਰ ਵਾਲ਼ੇ ਲਾਂਘੇ ਦੀ ਕੰਧ ਚੋਂ ਅਜੇ ਨਿਕਲੀ ਹੀ ਸੀ। ਓਨ੍ਹੇਂ ਮੈ-ਨੂੰ ਲੁਕ ਕੇ ਬੈਠੇ ਨੂੰ ਲੱਭ ਲਿਆ ਤੇ ਰਤਾ ਠਹਿਰ ਆਖ, ਮੇਰੇ ਲਈ ਵੀ coffee ਲੈ ਆਈ। ਮੈਂ ਕੰਧ ਨਾਲ਼ ਢੋਹ ਲਾਅ,ਓਸ ਦੇ ਮੁੜ ਆਵਣ ਦੀ ਉਡੀਕ ਕਰਨ ਲੱਗਿਆ। ਓਹ-ਨੇ ਪਰਗਟ ਹੋ ਕੇ ਆਦਤਨ ਮੈਂ-ਨੂੰ ਗਲ਼ ਨਾਲ਼ ਲਾਇਆ, ਤੇ ਆਪਣੇ ਪਾਸੇ ਵਾਲ਼ੀ ਕੰਧ ਨਾਲ ਢੋਹ ਲਾ ਆਖਣ ਲੱਗੀ, “ ਮੈਂ ਕੀਤੀ ਸੀ ਗੱਲ ਓਹ-ਦੇ ਨਾਲ਼…”। ਓਹ ਫਿਰ ਅਸਲੀ Don ਦਾ ਨਾਂ ਭੁੱਲ ਗਈ ਸੀ। “Don ਨਾਲ਼!”- ਦੋ ਮਿੰਟ ਬਾਅਦ ਓਹਨੂੰ ਸੁਝਿਆ। ਮਖਾਂ Don ਹਰਾ ਸਲਾਦ ਪਸੰਦ ਕਰਦਾ ਏ- ਸ਼ਾਕਾਹਾਰੀ ਏ। ਇਸ ਵੇਲ਼ੇ ਮੇਰੇ ਅਰ ਤੇਰੀ ਹੰਸ ਦੀ ਹੱਢੀ ਚ ਜੀਭ ਭਰ ਦਾ ਫ਼ਾਸਲਾ ਏ। ਡਰੋ ਮੈਂ-ਤੋਂ!
ਨਾਲ਼ੇ ਮੈਂ-ਨੂੰ ਕੰਮ ਕਰ ਲੈਣ ਦੇ, ਭਾਂਡਿਆਂ ਦਾ ਪਰਬਤ ਹੋ ਉਸਰਿਆ ਏ। ਰਸੋਈ ਚ ਸਾਰਿਆਂ ਨੂੰ ਨਾ ਵੜਨ ਦਿਆ ਕਰੋ। ਮੈਂ-ਨੂੰ ਇਤ-ਥਾਂ ਬਹੁਤੇ ਲੋਕ ਪਾਗਲ ਲਗਦੇ ਨ ਤੇ ਮੇਰੀ ਸੁਰੱਖਿਆ ਖਤਰੇ ਚ ਵੈ। ਜਾਂ ਫਿਰ ਇਕ ਕੰਮ ਕਰਦੇ ਵਾਂ। ਚੱਲ ਤੀਲ੍ਹੀ ਲਾਈਏ ਇਸ ਥਾਂ ਨੂੰ ਤੇ ਘਰੋਂ ਦੌੜ ਚੱਲੀਏ? ਸੁਰਗਾਂ ਨੂੰ ਜਾਵਣ ਸਭ ਭੁੱਖੇ, ਨਸ਼ੇੜੀ, ਯਿਸੂ-ਮਸੀਹ ਦੇ ਪਿਆਰੇ, ਪਾਗਲ ਲਿਖਾਰੀ ਤੇ ਸੁਆਦਾਂ ਦੇ ਚਗਲ਼ੇ ਰਸੋਈਏ। ਅਸੀਂ ਪਿੰਡੋਂ ਬਾਹਰ-ਵਾਰ ਕਮਾਦ ਚ ਕੁਝ ਦਿਨ ਲੁਕੇ ਰਹਿਵਾਂਗੇ, ਰਹਿੰਦੀ ਖੂਹੰਦੀ ਜਵਾਨੀ ਹੰਢਾਵਾਂਗੇ? ਜੇ ਭੁੱਖ ਲੱਗੀ ਤਾਂ ਪਿੰਡ ਪਰਤ ਕੇ ਸਭਨਾਂ ਤੋਂ ਮੁਆਫ਼ੀ ਮੰਗ ਲੈਵਾਂਗੇ।
ਮੈਂ ਫੋਰਨ ਆਪਣੀ ਗਲਤੀ ਜਾਣੀ ਤੇ ਓਹ-ਨੂੰ ਛੱਡ ਫ਼ਟਾਫ਼ਟ ਆਪਣੇ ਪਾਸੇ ਵਾਲ਼ੀ ਕੰਧ ਨਾਲ਼ ਢੋਹ ਲਾ ਖਲੋ ਗਿਆ। ਜ਼ਰਾ ਹੋਸ਼ ਆਈ ਤਾਂ ਓਹ ਦੱਸਣ ਲੱਗੀ ਕਿ ਓਹ-ਨੇ Don ਨੂੰ ਉਸ ਦਿਨ ਸਮੇਂ ‘ਤੇ ਨਾ ਪੁੱਜਣ ਲਈ ਬਹੁਤ ਝਿੜਕਾ ਪਾਵਿਆ। ਮਖਾਂ ਤੂੰ ਫਿਕਰ ਨਾ ਕਰ, Don ਦੀ ਮਾਰੀ ਲੱਤ ਨੇ ਤਾਂ ਸਗੋਂ ਮੇਰਾ ਕੁੱਬ ਸਿੱਧਾ ਕਰ ਦਿੱਤਾ। ਓਸ ਦਿਨ ਦੇ crash ਕਾਰਨ ਮੈਂ ਚੰਗਾ ਤੰਦੂਰਕਾਰ ਬਣ ਗਿਆ ਸਾਂ। ਪਰ ਮੇਰੀ ਦੁਸ਼ਵਾਰੀ ਹੋਰ ਏ—
ਮੈਂ-ਨੂੰ ਭੁੱਖ ਲੱਗੀ ਏ, ਤੇ ਤੂੰ ਬਹੁੰ ਸੁਹਣੀ ਏਂ।
ਅੰਝ ਮੈਂ Leanne ਗੱਲਾਂ ਕਰਦਾ, ਓਹ-ਦੀਆਂ ਨਲ਼ੀਆਂ ਚੂਸ-ਚੂਸ ਕਰ ਖਾਲੀ ਕਰਦਾ ਰਿਹਾ । ਮੈਂ-ਨੂੰ ਮੂੰਹ ਮਾਰਦੇ ਨੂੰ ਵੇਖ ਓਹ ਪੁੱਛਣ ਲੱਗੀ, “ Is that chewing gum? Can I have some?”
ਲਓ ਜੀ।
ਕਾਲਜਾ ਤਾਂ ਮੇਰਾ ਰੋਹੰਦਾ ਹੀ ਮੇਰੇ ਮੂੰਹ ਚ ਏ, ਤੇ ਜ਼ੁਬਾਨ ਮੂੰਹੋਂ ਬਾਹਰ। ਮਖਾਂ:
ਤ੍ਰੀਮਤ ਦੀ ਰਸੋਈ ਚ,
ਰਸੋਈਆਂ ਦੇ ਖੁੰਝਿਆਂ ਚ,
ਖੁੰਝਿਆਂ ਦੀਆਂ ਤ੍ਰੀਮਤਾਂ ਚ
ਤ੍ਰੀਮਤਾਂ ਦਿਆਂ ਖੁੰਝਿਆਂ ਚ ਇਹ ਲੋਈ ਲਾਂਘ੍ਹਾ ਏ? ਨਾ ਅੰਦਰ ਏ ਨਾ ਬਾਹਿਰ, ਵਿਚਾਲ਼ੇ ਏ? ਮੈਂ ਰੱਬ ਦੀ lower intestine ਚ ਰਹਿੰਦਾ ਕੋਈ ਦੈਂਤ ਵਾਂ? ਰੱਬ ਠੀਕ ਨਹੀਂ ਰਹਿੰਦਾ, ਬਿਮਾਰ ਏ।ਮੈਂ ਫੁਹਾਰੇ ਥੱਲੇ ਖਲੋ ਨਹਾਵੰਦਾ ਵਾਂ ਤਾਂ ਓਦ੍ਹੇ drain ਚੋਂ ਮੈਂ-ਨੂੰ ਮੋਈਆਂ ਮੱਛੀਆਂ ਦੀ ਮੁਸਕ ਆਵੰਦੀ ਏ। ਮੈਂ ਡੁਸਕਨ ਬਹਿ ਜਾਵੰਦਾ ਵਾਂ। ਮੈਂ ਤੈਂ-ਡੇ ਵੱਲ ਵੇਖਦਾਂ ਤਾਂ ਮੈਂ-ਡੇ ਅੰਦਰ ਕੋਈ ਡੁਸਕਨ ਬਹਿ ਜਾਵੰਦਾ ਏ। ਮੈਂ ਰੱਬ ਦਾ ਕੋਈ ਬਹੁੰ ਪੁਰਾਣਾ trauma ਵਾਂ। ਕਿਸੇ ਦਾ ਚੇੱਤਾ ਵਾਂ। ਇਤ-ਥਾਂ ਬਹੁੰ ਪਹਿਲਾਂ ਕੁਝ ਹੋ ਹਟਿਆ ਏ।
ਕੋਈ ਮੇਰੀ ਖੱਲ ਲਾਹ ਲੈ ਗਿਆ ਏ ਤੇ ਮੈਂ-ਨੂੰ ਹਵਾ ਵੀ ਚੁਭਦੀ ਏ। ਮੇਰਾ ਜੀ ਕਰਦਾ ਏ ਮੈਂ ਲੋਕਾਂ ਦੀਆਂ ਨਲੀਆਂ ਚੂਸਾਂ ਤੇ ਹੱਥਾਂ ਨਾਲ਼ ਮਿੱਟੀ ਪੁੱਟਾਂ। ਮੈਂ ਸਾਰਾ ਖੂਨ ਇਕ ਥਾਂ ‘ਕੱਠਾ ਕਰਨਾ ਚਾਹੁੰਦਾ ਵਾਂ। ਮੇਰਾ ਦਿਲ ਕਰਦਾ ਏ ਮੈਂ-ਨੂੰ ਅੱਖਰ “ਬ” ਤੋਂ ਵੱਧ ਕੁਝ ਵੀ ਕਹਿਣ ਦੀ ਲੋੜ ਨਾ ਪਵੇ। ਮੇਰਾ ਦਿਲ ਕਰਦਾ ਏ ਲੋਕ ਮੈਂ-ਨੂੰ ਸਿਰਫ਼ ਉ…ਉ…ਉ… ਕਹਿਣ, ਜਾਂ ਸਿਰਫ਼ ਸੀਟੀ ਮਾਰ ਲਿਆ ਕਰਨ।
ਮੈਂ ਚਾਹਵੰਦਾ ਵਾਂ ਕਿ ਚਾਹਵਨ ਦੀ ਲੋੜ ਨਾ ਪੈਵੇ ਤੇੇ ਚਾਹ ਕੋਈ ਸ਼ਬਦ ਹੀ ਨਾ ਹੋਵੇ— ਇਹ ਮੈਂ ਚਾਹਵੰਦਾਂ। ਮੈਂ-ਨੂੰ ਪਤਾ ਨਹੀਂ ਲਗਦਾ ਮੈਂ ਕੀ ਚਾਹਵਾਂ, ਸੋ ਮੈਂ ਚਾਹਵੰਦਾ ਵਾਂ ਕਿ ਚਾਹਵਨ ਜਾਂ ਲੱਗਣ ਦੀ ਲੋੜ ਨਾ ਪੈਵੇ।
ਮੈਂ ਕਹਿਣਾਂ ਵਾਂ ਕਿ ਕੁਝ ਵੀ ਕਹਿਣ ਦਾ ਮਤਲਬ ਸਿਰਫ਼ ਏਨਾਂ ਕੁ ਹੀ ਹੋਂਦਾ ਏ ਕਿ— ਮੈਂ ਕਹਿਣਾ ਵਾਂ । ਮੈਂ ਕਹਿਣ ਬਿਨ੍ਹਾਂ ਕੁਝ ਨਹੀਂ ਕਹਿੰਦਾ। ਮੇਰੇ ਕਹਿਣ ਚ ਕੋਈ ਵੀ “ਕੀ” ਨਹੀਂ। ਮੈਂ ਪੰਖੂ ਵਾਂ, ਗੁਟਰਗੂੰ ਕਰਦਾ ਵਾਂ। ਮੈਂ-ਨੂੰ ਗੁਟਰਗੁੰ ਆਖੋ, ਮੈਂ ਵੀ ਤੁਹਾਂ-ਨੂੰ ਗੁਟਰਗੁੰ ਆਖਾਂਗਾ।
ਸਿਰਠੀ ਅੰਨੇਰੇ ਚ ਡਿੱਗਿਆ ਕੋਈ ਵਾਲ਼ ਏ
ਇਹ ਕਿਹ-ਦਾ ਧਉਲਾ ਚੜ੍ਹ ਬੈਠਾ ਏ— ਮੇੇਰੀ ਕੰਧਾੜ੍ਹੀ
ਇਹ ਕਿਹ-ਦਾ ਧੌਲਾ ਉੱਗ ਪਿਆ ਏ— ਮੇਰੀ ਛਾਤੀ ‘ਤੇ
ਇਹ ਕਿਸ ਦੀਆਂ ਦੂਧੀਆਂ ਫੁੱਟੀਆਂ ਨ— ਮੇਰੇ ਸਿਰ ਅੰਦਰ
ਇਹ ਕੌਣ ਰਹਿਣ ਲੱਗ ਪਿਆ ਏ ਲੁਕ ਕੇ— ਮੈਂ-ਡੇ ਵਿਚ
ਉਂਗਲ ਨਾਲ਼ ਵਲ਼ ਕੇ ਪੁੱਟ ਦੇਵਾਂ? ਰੱਬ ਨੇ ਧੜੰਮ ਕਰ ਡਿਗ ਜਾਣਾ ਏ ਤੇ ਮੇਰੀ ਹਾੱਸੀ ਨਿਕਲ਼ ਜਾਣੀ ਏ। ਜਾਂ ਆਪਣਾ ਸਿਰ ਲੁਹਾ ਕਿ ਪਰ੍ਹਾਂ ਸੁੱਟਾਂ? ਤਾਂ ਵੀ ਮੇਰੀ ਹਾੱਸੀ ਨਿਕਲ਼ ਜਾਣੀ ਏ। ਫਿਟੇਹਾਲ! ਮੇਰਾ ਹੀ ਟੋੱਟਾ ਏ ਅਖੀਰ। ਰੱਖਾਂ, ਜਾਂ ਲਾਹਵਾਂ? ਮੰਨਾਂ, ਨਾ ਮੰਨਾਂ? ਰਹਿਵਾਂ, ਜਾਂ ਜਾਵਾਂ?
“ਤੈਂ-ਨੂੰ ਕਿਥੇ ਜਾਣ ਦੀ ਲੋੜ੍ਹ ਨਹੀਂ, ਮੈਂ Don ਨੂੰ ਝਿੜਕਾ ਮਾਰਿਆ ਏ। ਉਂਝ ਵੀ ਕੁਝ ਦਿਨਾਂ ਚ holidays ਸ਼ੁਰੂ ਹੋ ਜਾਣੀਆਂ ਨ, ਅਸੀਂ ‘ਕੱਠੇ ਲੰਮੀ ਯਾਤ੍ਰਾ ‘ਤੇ ਨਿਕਲ਼ ਜਾਵਾਂਗੇ” Leanne ਆਖਣ ਲੱਗੀ।
ਅਸੀਂ ਕੁਝ ਦੇਰ ਲਾਂਘੇ ਚ ਚੁੱਪ-ਚਾਪ ਖੜ੍ਹੇ ਰਹੇ। ਮੈਂ ਓਹ-ਨੂੰ coffee ਬਾਰੇ ਪੁੱਛ ਕੇ ਹੁਣੇ ਕੰਧ ਦੇ ਆਰ-ਪਾਰ ਨਿਕਲ ਜਾਣਾ ਏ।
The kitchen becomes difficult to stay inside.
Walls open, bodies cross them, words lose their grip, and Leanne is suddenly both beside the narrator and somewhere inside him. Hunger, desire, memory and speech begin to run together.
By the end, even saying something seems less important than simply making a sound.