10. ਘਰ ਮੁੜਦਿਆਂ। Before Orientation
ਓਸ ਦਿਨ ਰਸੋਈ ਦੇ ਲਾਂਘੇ ਚ Leanne ਨੇ ਮੇਰੀ ਸੁਹਣੀ ਕਰ ਬਾਣ ਕੱਸੀ। ਮੈਂ ਆਪਣੀਆਂ ਲੱਤਾਂ-ਬਾਹਵਾਂ ਨਾਲ਼ ਕਿੱਕਲੀ ਪਾਵੰਦਾ ਘਰ ਨੂੰ ਨੱਸਿਆ। ਰਸਤੇ ਚ ਆਪਣੇ ਜੋਗੀਆਂ ਦੋ ਰੱਖ, ਬਾਕੀ ਸਾਰੀਆਂ ਸਿਗਟਾਂ Mark ਨੂੰ ਦੇ ਆਇਆ ਤੇ ਓਹ-ਦੇ ਕੋਲੋਂ ਮਾਂ-ਭੈਣ ਵੀ ਕਰਵਾ ਆਇਆ। ਚਾਅ ਚੜ੍ਹਿਆ ਸਾ ਕਿ ਘਰ ਜਾ ਕੇ ਬਿੱਲੂ ਨੂੰ ਸਾਰੀ ਗੱਲ ਦੱਸਣੀ ਏ। ਜੇ ਮੈਂ ਪਹਿਲਾਂ ਨਾ ਦੱਸਿਆ ਹੋਵੇ- ਮੇਰੇ ਕੋਲ਼ ਇਕ ਬਿੱਲੂ ਏ ਤੇ ਇਕ ਸੱਪ ਬਿੱਲੂ ਦਾ ਮਿੱਤਰ ਏ। ਇਕ ਟਟੀਹਰੀ ਸਾਡੀ ਗਵਾਂਢਣ ਏ ਤੇ ਇਕ ਅੰਨਾਂ ਗੰਡੋਯਾ ਸਾਡਾ ਸਾਰਥੀ ਏ। ਬਿੱਲੂ ਦੇ ਅਗਲੇ ਪੈਰ ਓਹ-ਦੇ ਮਾਂ-ਪਿਓ ਨ, ਤੇ ਪਿਛਲੇ ਦੋਵ੍ਹੇਂ, ਓਨ੍ਹਾਂ ਦੇ ਬਲੂੰਘੜੇ। ਬਿੱਲੂ ਦੇ ਮਾਪੇ ਅੰਨੇ ਨ ਪਰ ਬਿੱਲੂ ਆਪ ਸੁਜਾਖਾ ਏ, ਚੌਵੀ ਘੰਟੇ ਓਨ੍ਹਾਂ ਦੇ ਸਿਰ ‘ਤੇ ਚੜ੍ਹ ਨਜ਼ਰ ਰਖਦਾ ਏ। ਓਹ ਰਸਤੇ ਵੱਲ ਘੂਰ ਕੇ ਵੇਖਦਾ ਏ, ਤੇ ਰੌਲ਼ੀ ਪਾ ਕੇ ਆਪਣੇ ਪਿਛਲੇ ਪੈਰਾਂ ਦੇ ਮਾਪਿਆਂ ਨੂੰ ਦਸਦਾ ਏ ਕਿ ਓਹ ਕਿੱਥੋਂ ਲੰਘਣ। ਸਭ ਤੋਂ ਪਹਿਲਾਂ ਬਿੱਲੂ ਲੰਘਦਾ ਏ। ਓਹ ਦੇ ਦੱਸੇ ‘ਤੇ ਓਹ-ਦੇ ਮਾੱਪੇ ਲੰਘਦੇ ਨ।
Leanne, ਟਟੀਹਰੀ, ਬਿੱਲੂ, Don ਤੇ Mark ਬਾਰੇ ਮੈਂ ਤੁਹਾਂ-ਨੂੰ ਦੱਸ ਬੈਠਾ ਵਾਂ। x।yਬਾਰੇ ਅੱਗੇ ਜਾ ਕੇ ਦੱਸਾਂਗਾ, ਹੁਣ ਮੇਰੇ ਗਵਾਂਢੀ Schrodinger ਬਾਰੇ ਦਸਦਾ ਵਾਂ। ਮੇਰੇ ਕੋਲ਼ ਇਕ ਬਿੱਲੂ ਏ, ਪਰ ਸਾਡੇ ਗਵਾਂਢੀ Schrodinger ਕੋਲ ਦੋ। ਮੇਰਾ ਬਿੱਲੂ ਓਹ-ਦੇ ਘਰ ਜਾਵੰਦਾ ਰਹਿੰਦਾ ਏ ਤੇ ਓਸ ਦੀਆਂ ਬਿੱਲੀਆਂ ਸਾਡੇ ਕੋਲ਼ ਆਵੰਦੀਆਂ ਰਹਿੰਦੀਆਂ ਨ। ਓਹ ਦੀਆਂ ਬਿੱਲੀਆਂ ਬਹੁਤਾ ਬੋਲਦੀਆਂ ਨੇ, ਪਰ ਇਕ ਸਿਆਣੀ ਏ, ਤੇ ਦੂਜੀ ਸਿਧੜੀ। ਓਸ ਦਿਨ ਘਰ ਜਾ ਕੇ ਜਦੋਂ ਮੈਂ ਬਿੱਲੂ ਨੂੰ ਸਾਰੀ ਗੱਲ ਦੱਸ ਰਿਹਾ ਸਾਂ, ਸੋਫ਼ੇ ‘ਤੇ ਬੈਠੀਆਂ ਇਹ ਵੀ ਸਾਡੀਆਂ ਗੱਲਾਂ ਸੁਣ ਰਹੀਆਂ ਸਨ। ਮੈਂ ਇਨ੍ਹਾਂ ਦੋਵ੍ਹਾਂ ਕੋਲ਼ੋਂ ਵੀ ਰਾਏ ਪੁੱਛੀ। ਇਕ ਆਖੇ Leanne ਦੀ ਰਾਏ ਵੀ ਲੈ ਲE, ਦੂਜੀ ਆਖੇ ਰਹਿਣ ਦਿE, ਜਿਸ ਕੰਮ ਦਾ ਕੋਈ ਫ਼ਾਇਦਾ ਹੀ ਨਹੀਂ, ਓਦ੍ਹਾ ਕੀ ਫ਼ਾਇਦਾ? ਮੈਂ-ਨੂੰ ਪਹਿਲੀ ਦੀ ਗੱਲ ਚੰਗੀ ਲੱਗੀ ਤੇ ਮੈਂ ਓਸ ਨੂੰ ਪੁਛਿਆ, “ਹੋਰ ਕੀ-ਕੀ ਹੋ ਸਕਦਾ ਏ?” ਅਖੇ ਗੱਲ ਸੁਰੂ ਕਰੋ, ਜੇ ‘ਹਾਂ’ ਹੋ ਗਈ, ਤਾਂ Leanne ਦੀ ਪਿੱਠ ਨਾਲ਼ ਲੱਗ ਕੇ ਸਓਂ ਵੀ ਸਕਦਾ ਏਂ। ਮਖਾਂ, ਓਹ-ਦੀ ਪਿੱਠ ਨਾਲ਼ ਲੱਗ ਤਾਂ ਮੈਂ ਸੋਣੋ ਰਿਹਾ, ਯਾਨੀ ਮੈਨੂੰ ਨੀਂਦ ਨਹੀਂ ਆਉਣੀ, What about my sleep schedule? ਪਹਿਲੀ ਬਿੱਲੀ ਮੈਨੂੰ ਅੱਖ ਮਾਰ ਕੇ ਆਪਣੇ ਘਰੋਂ ਲਿਆਵੰਦੇ ਬਕਸੇ ਚ ਲੁਕ ਗਈ। ਮੈਂ ਸੋਚੀਂ ਪੈ ਗਿਆ ਕਿ ਇਹ ਨਹੀਂ ਸਓਂ ਸਕਣ ਵਾਲ਼ਾ ਕੰਮ ਨਿੱਤ ਕਿੰਝ ਕਰ ਚਲੇਗਾ? ਆਖਿ਼ਰ ਬੰਦੇ ਨੂੰ ਨੀਂਦ ਦੀ ਵੀ ਲੋੜ ਹੋਂਦੀ ਏ? ਮੇਰੇ ਕੋਲ਼ ਤ੍ਰੀਮਤ ਪਈ ਹੋਵੇ ਤਾਂ ਮਹਿਜ਼ ਭਾਵਨਾਵਾਂ ਨਾਲ਼ ਹੀ ਮੇਰੀ ਲੱਤ ਚ ਮਕੌੜ ਪੈ ਜਾਵੰਦਾ ਏ। ਮੈਂ ਅੱਧੀ ਰਾਤ ਨੂੰ ਅਜਿਹਾ ਕਈ ਕੁਝ ਸੋਚ ਕਿ ਮਕੌੜ ਪਵਾ-ਵੰਦਾ ਵਾਂ ਰਹਿੰਦਾ, ਤੇ ਬਾਲਟੀਆਂ ਬੱਧੀ ਪਾਣੀ ਪੀ ਕਰ ਆਪਣੀ dehydration ਦਰੁਸਤ ਕਰਦਾ ਵਾਂ। ਇਹ ਸੋਚ ਮੇਰੀ ਹਾਸੀ ਨਿਕਲ ਗਈ ਕਿ ਜੇ Leanne ਵੀ ਮੇਰੇ ਵਰਗੀ ਨਿਕਲੀ ਤਾਂ ਹਰ ਰਾਤ ਇਕ-ਦੂਜੇ ਦੀਆਂ ਲੱਤਾਂ ਝੱਸਦਿਆਂ ਕੱਢਣੀ ਪਓਣੀ ਏ ।
ਮੈ ਬਿੱਲੂ ਨੂੰ ਪੁੱਛਿਆ, “ਤੂੰ ਦੱਸ, ਕੀ ਕਰਾਂ? ਪਹਿਲੀ ਬਿੱਲੀ ਗੰਦੇ ਕੰਮ ਕਰਨ ਨੂੰ ਕਹਿੰਦੀ ਏ, ਤੇ ਦੂਜੀ Schopenhauer ਵਾਂਙ “ਰਹਿਣ-ਦਿਓ, ਰਹਿਣ ਦਿਓ” ਕਰਦੀ ਰਹਿੰਦੀ ਏ। ਬਿੱਲੂ ਕਹਿਣ ਲੱਗਿਆ, ਜੇ ਗੱਲ ਬੱਸ coffee ਦੀ ਏ ਤਾਂ ਪੁੱਛ ਲਓ, ਬਾਕੀ ਫਿਰ ਵੇੱਖਾਂਗੇ? ਰਹੀ ਗੱਲ ਰੋਜ਼-ਰੋਜ਼ ਕਿਸੇ ਹੋਰ ਨਾਲ਼ ਪੈਣ ਦੀ, ਓਹ ਚੰਗਾ ਕੰਮ ਨਹੀਂ । ਇਨਸਾਨ ਦਾ ਕਿਹੜਾ ਕੋਈ manual ਹੋਵੰਦਾ ਏ? ਸਾਲ਼ਾ ਅੱਧੀ ਰਾਤ ਨੂੰ ਕੁਝ ਫਸ-ਫਸਾ ਜਾਵੇ, ਖ਼ਰਾਬ ਹੋ ਜਾਵੇ, ਕੀ ਕਰ ਲਓਗੇ? ਤੇ ਓਹ ਵੀ ਅਗਲੇ ਵੱਲ ਪਿੱਠ ਕਰ ਕੇ? ਚਲਦੀ ਮਸ਼ੀਨ ਵੱਲ ਕੋਈ ਮੂਰਖ ਹੀ ਪਿੱਠ ਕਰ ਸੰਵੇਗਾ। ਬਿਨਾਂ ਕਿਸੇ ਨੂੰ ਜਾਣਿਆਂ ਕਿਸੇ ਨਾਲ਼ ਪਿਆ ਨਹੀਂ ਜਾ ਸਕਦਾ। ਪਰ ਜੇ ਤੁਸਾਂ ਪੈਣਾ ਹੀ ਏ, ਤਾਂ ਪਹਿਲਾਂ ਇਕ-ਦੂਜੇ ਨੂੰ ਜਾਣੋ।
“ਪਰ ਤੂੰ ਤਾਂ ਕਹਿੰਦਾ ਸੈਂ ਕੋਈ ਮੈਨੁਅਲ ਨਹੀਂ ਹੋਵੰਦਾ, ਫਿਰ ਇਹ ਜਾਣਨ-ਜੂਣਨ ਕਿੱਥੋਂ ਆ ਗਿਆ,?” ਮੈਂ ਅਨਭੋਲ ਸਵਾਲ ਕੀਤਾ।
ਅਖੇ, ਫਿਰ coffee ਤੇ ਨਾਲ਼ ਪੈਣ ਇਹ ਇਕ ਹੋਰ + {step add } ਕਰੋ: ਜਾਨਣਾ, ਯਾਨੀ will to know। ਇਹ ਕੰਮ coffee ਵੇਲ਼ੇ ਵੀ ਕੀਤਾ ਜਾ ਸਕਦਾ ਏ। ਜੇ ਓਹ coffee ਪੀਵੰਦੀ ਤੁਹਾਂ-ਨੂੰ ਫ਼ੋਨ ‘ਤੇ ਆਪਣੇ ਲੋਕਾਂ ਦੀਆਂ ਕੁਝ ਫੋਟੋਆਂ ਵਿਖਾਲੇਗੀ, ਸਾਰੇ ਇੰਝ ਹੀ ਕਰਦੇ ਨ ਅਜਕੱਲ। ਤੁਸੀਂ ਪੁੱਛੋ:
ਓਹ ਕੌਣ ਲੋਕ ਨ?
ਕਿੰਨੇ ਜਣੇ ਨ ਹੈ ਕਿੱਥੇ ਨ, ਵਗੈਰਾ-ਵਗੈਰਾ।
ਅਗਲੇ ਬਾਰੇ ਜਾਣੋ, ਓਦ੍ਹੇ ਭੈਣ-ਭਾਈ, ਸ਼ੁਦਾ, ਚਾਅ, property, social status, ਤੇ bonding ਜਾਂ trauma ਸਬੰਧੀ ਹੋਰ ਗੱਲਾਂ ਪੁੱਛੋ।
ਬਿੱਲੂ ਮੈਂ-ਨੂੰ ਚਾਰਲਸ ਸ਼ੋਭਰਾਜ ਨਾਲ਼ੋਂ ਵੀ ਦੋ ਪੈਰ ਅੱਗੇ ਲੱਗਿਆ। ਅਗਲੇ ਦਿਨ ਮੈਂ ਤੜਕੇ ਉੱਠ ਕੇ ਕੁਝ ਸਵਾਲ-ਜਵਾਬ ਤਿਆਰ ਕੀਤੇ, ਜੋ ਮੈਂ Leanne ਨੂੰ coffee ‘ਤੇ ਲਿਜਾ ਕੇ ਪੁੱਛਣੇ ਸਨ:
ਕੌਣ ਲੋਕ ਸਓ ਤੁਸੀਂ? ਇਹ ਫੋਟੋ ਚ ਕੌਣ-ਕੌਣ ਏ, ਤੇ ਇਹ ਕਿਸ ਨੇ ਖਿੱਚੀ? ਕਿੱਥੇ ਖਿੱਚੀ, ਕਿਉਂ ਖਿੱਚੀ? ਹੁਣ ਤੱਕ ਸਾਂਭ ਕਿਉਂ ਰੱਖੀ ਏ? ਹੁਣ ਕਿਹ-ਥਾਂ ਹੋਵੰਦਾ ਏ ਇਹ ਫ਼ੋਟੋ ਵਿਚਲਾ? ਤੁਹਾਡਾ ਪਿੰਡ ਕਿਤਨਾ ਕੁ ਬੜਾ ਸਾ? ਕਿਨ੍ਹਾਂ-ਕਿਨ੍ਹਾਂ ਦੇ ਘਰ ਹੋਂਦੇ ਸਨ? ਤੇਰੇ ਜਮਾਤੀ, ਗਵਾਂਢੀ, ਗਿਰਜੇ-ਘਰ; ਦਿਖਾਲ਼ ਤਾਂ ਮੈਨੂੰ? ਦੱਸ ਕਿੰਨੇ ਭੈਣ-ਭਾਈ ਸE, ਕੀ ਕੁਝ ਕਰਦੇ ਸਓ? ਕਿੱਥੇ ਲੁਕ੍ਹਨ-ਮੀਟੀ ਖੇਡਦੇ ਸਓ, ਤੇ ਲੁਕਨ ਲਈ ਮਾਕੂਲ ਥਾਵਾਂ ਕਿਹੜੀਆਂ ਸਨ? ਦੁੱਖ ਕਿੱਥੇ ਦੱਸਦੇ ਸਓ, ਲੁਕੋਂਦੇ ਕਿੰਝ ਕਰ ਸਓ? ਕੀ-ਕੀ ਸਿਰ ਚ ਹੀ ਰਹਿ ਗਿਆ ਏ? ਪਿੰਡ ਪਿੱਛੇ ਜੰਗਲ ਹੋਂਦਾ ਸਾ ਜਾਂ ਸਤੈਪੀਆਂ? ਬਰਸੀਮ ਦੀਆਂ ਸੀਟੀਆਂ ਬਣਾ ਵਜਾਵੰਦੇ ਸਓ? ਤੇਰੇ ਦੰਦ ਓਦੋਂ ਵੀ ਇਹੋ ਜਿਹੇ ਸਿੱਧੇ ਹੋਵੰਦੇ ਸਨ, ਜਾਂ ਵੱਡੀ ਹੋ ਕੇ ਆਪ ਦਰੁਸਤ ਕਰਵਾਏ ਨ? ਕੌਣ ਤੈਨੂੰ ਹਸਾ-ਹਸਾ ਰੁਆਲ਼ ਦੇਂਦਾ ਸਾ? ਇਤ-ਥਾਂ ਕੀ ਪਈ ਕਰਦੀ ਏਂ?
ਫਿਰ ਮੈਂ ਸੋਚਿਆ ਕਿ ਏਨੀਆਂ ਗੱਲਾਂ ਪਹਿਲੀ ਮੁਲਾਕਾਤ ਚ ਨਹੀਂ ਸਨ ਹੋ ਸਕਦੀਆਂ। ਮੈਂ ਇਕ ਵਾਰ ਫੇਰ ਬਿੱਲੂ ਕੋਲ਼ੋਂ ਮਦਦ ਮੰਗੀ। ਓਹ-ਨੇ ਮੇਰੀ manuscript ਪੜ੍ਹੀ ਤੇ ਓਹ-ਨੂੰ ਚੰਗੀ ਲੱਗੀ, ਖ਼ਾਸਕਰ ਓਹ ਹਿੱਸਾ ਜਿਸ ਚ ਮੈਂ ਫ਼ੋਟੋਆਂ ਵਿਚਲੇ ਲੋਕਾਂ ਬਾਰੇ ਪੁੱਛਣ ਦੇ ਸੁਝਾਅ ਨੂੰ further expand ਕੀਤਾ ਸਾ। ਪਰ ਬਿੱਲੂ ਵੀ ਕਹਿਣ ਲੱਗਿਆ ਕਿ ਏਨੀਆਂ ਗੱਲਾਂ ਪਹਿਲੀ ਮੁਲਾਕਾਤ ਚ ਨਹੀਂ ਸਨ ਹੋ ਸਕਦੀਆਂ। ਫਿਰ ਬਿੱਲੂ ਨੂੰ ਖ਼ਿਆਲ ਆਇਆ ਕਿ ਇਹ ਗੱਲ ਓਦੋਂ ਦੀ ਹੋਣੀ ਏ, ਜਦੋਂ ਮੈਂ weekend ‘ਤੇ Leanne ਦੇ ਕੋਲ਼ ਓਹ-ਦੇ ਘਰ ਰੁਕ ਜਾਇਆ ਕਰਦਾ ਸਾਂ।
ਬਿੱਲੂ ਦੀ ਗੱਲ ਸੁਣ ਮੇਰੀ ਚੀਕ ਨਿਕਲ਼ ਗਈ, ਤਾਂ ਓਹ ਥੋੜਾ ਡਰ ਗਿਆ। ਮਨ ਦੀ ਖ਼ੁਸ਼ੀ ਨੂੰ ਕੁਝ ਲੁਕੋ ਕੇ ਮੈਂ ਓਹ ਦਾ ਸਿਰ ਪਲੌਸਿਆ, ਤੇ ਹੱਸ ਕੇ ਪੁੱਛਿਆ, “ਏਹ ਕਦੋਂ ਦੀ ਗੱਲ ਏ ਬਾਉ ਜੀ? ਮੈਂ-ਨੂੰ ਤਾਂ ਕੋਈ ਚੇਤਾ ਨਹੀਂ?” ਆਖਣ ਲੱਗਾ, “ਚੇਤੇ ਦੀ ਆਵਾਜਾਰੀ ਏ, ਚੇਤੇ ਮਿਕਸ-ਅਪ ਹੋ ਜਾਵੰਦੇ ਨ। ਧਿਆਨ ਦਿਓ:
ਏਨੀਆਂ ਗੱਲਾਂ ਇਕੋ ਵੇਲ਼ੇ ਚ ਤਾਂ ਹੀ ਸੰਭਵ ਨ, ਜੇ ਓਹ “ਨਾ ਹੋ ਸਕਦੀਆਂ” ਗੱਲਾਂ— “ਹੋ ਚੁੱਕੀਆਂ ਹੋਣ”। ਅੰਞ ਜੋ logically ਲਗਦਾ ਤਾਂ ਗ਼ਲਤ ਏ, ਅਸਲ ਚ ਠੀਕ ਹੋਵੰਦਾ ਏ। ਯਾਨੀ ਦੋ ਚੀਜ਼ਾਂ ਨੂੰ ਬਦਲੋ — tense ਤੇ ਜਗਹਾ। ਕਿਓਂਕਿ ਐਸਾ ਚੁਕਿਆ ਏ, ਤੁਹਾਂ-ਨੂੰ ਸਾਰਾ sentence ਬਦਲਣ ਦੀ ਲੋੜ੍ਹ ਨਹੀਂ— ਜੋ ਹੋ ਗਿਆ ਸੋ ਹੋ ਗਿਆ। ਰਹੀ ਗੱਲ ਥਾਂ ਦੀ, ਤਾਂ ਹੀ ਮੈਂ ਕਹਿੰਦਾ ਵਾਂ ਕਿ ਇਹ ਗੱਲ Leanne ਦੇ ਘਰ ਚ ਬਿਹਤਰ ਫਿਟ ਬੈਠਦੀ ਏ। ਸੁਣੋ। ਇਹ ਗੱਲ ਓਦੋਂ ਦੀ ਏ ਜਦੋਂ ਤੁਸੀਂ weekend ‘ਤੇ ਅਕਸਰ Leanne ਦੇ ਕੋਲ਼਼ ਓਹ-ਦੇ ਘਰ ਰੁਕ ਜਾਇਆ ਕਰਦੇ ਸਓ।”
ਹੁਣ ਮੈ-ਨੂੰ ਓਹ-ਦੀ ਗੱਲ ਸਮਝ ਲੱਗੀ ...
ਤਾਂ ਫਿਰ ਇਹ ਗੱਲ ਓਦੋਂ ਦੀ ਹੀ ਹੋਣੀ ਏ, ਜਦੋਂ ਇਹ ਹੋਈ ਹੋਣੀ ਏ। ਆਪਣੀ manuscript ਚ ਮੈਂ ਓਸ ਗੱਲ ਦੀ location ਬਦਲ ਦਿੱਤੀ, ਤੇ ਸਵਾਲ-ਜਵਾਬ ਓਹੀ ਰਹਿਣ ਦਿੱਤੇ। ਸੋ ਇਹ ਗੱਲ ਓਦੋਂ ਦੀ ਏ, ਜਦੋਂ ਮੈਂ ਤੇ Leanne ਬੰਦੇ-ਤ੍ਰਿਮਤ ਵਾਂਙ ਹਰ ਹਫ਼ਤੇ ਕੁਝ ਸਮਾਂ ‘ਕੱਠੇ ਗੁਜ਼ਾਰਦੇ ਸਾਂ। ਤੁਹਾਂ-ਨੂੰ ਭੁਚੱਕਾ ਤਾਂ ਪੈ ਰਿਹਾ ਵੈ ਕਿ ਤੁਸੀਂ ਸਮਝ ਬੈਠੇ ਮੈਂ Leanne ਦੇ ਨਾਲ਼ foodbank ਚ ਕੰਮ ਕਰਦਾ ਵਾਂ। ਓਹ ਵੀ ਸਹੀ ਏ ਪਰ ਓਹ ਹੋਰ ਵੇਲ਼ੇ ਦੀ ਗੱਲ ਏ। ਇਹ ਗੱਲ ਓਦੋਂ ਦੀ ਏ, ਜਦੋਂ ਅੰਞ ਹੋਇਆ ਸਾ। ਹੁਣ ਜਦੋਂ ਦੱਸ ਰਿਹਾਂ, ਵੇਲ਼ਾ ਹੋਰ ਏ। ਹੁਣ ਮੈਂ ਇਤ-ਥਾਂ ‘ਕੱਲਾ ਵਾਂ। ਸਵੇਰ ਦੇ ਛੇ ਵੱਜੇ ਨ ਤੇ ਮੈਂ ਦਿਨ ਦੇ ਬਹੁਤੇ ਮਸਹਲੇ ਸੁਲਝਾ ਲਏ ਨ। ਬਾਹਰ ਅਜੇ ਵੀ ਚਾਨਣ ਨਹੀਂ ਹੋਇਆ। ਕੁਝ ਦੇਰ ਹੋਰ ਅੱਖਾਂ ਬੰਦ ਕਰ ਬਿਸਤਰੇ ਚ ਪਿਆ ਰਹਿਵਾਂ? ਮੁੜ ਮੇਰੀ ਅੱਖ ਲੱਗ ਗਈ। ਸੁੱਤੇ-ਸੁਧ-ਸੁਧ ਮੈਂ-ਨੂੰ ਪਹਿਲੀ ਬਿੱਲੀ ਦਾ ਚੇੱਤਾ ਆਇਆ ਜਿਹੜੀ ਕਹਿੰਦੀ ਸੀ, ਜੇ ਹਾਂ ਹੋ ਗਈ ਤਾਂ Leanne ਦੀ ਪਿੱਠ ਨਾਲ਼ ਲੱਗ ਕੇ ਸੌਂ ਵੀ ਸਕਦਾ ਏਂ। ਬਿੱਲੂ ਦਾ ਦੱਸਿਆ ਮੈਂ-ਨੂੰ ਹੁਣ ਸਮਝ ਆਇਆ।
Oh my God! ਬਿੱਲੂ ਤੇ ਪਹਿਲੀ ਬਿੱਲੀ ਰਲ਼ੇ ਹੋਏ ਸਨ।
ਰੁਕੋ, ਮੈਂ ਸਮਝਾਵਣ ਦਾ ਯਤਨ ਕਰਦਾ ਵਾਂ। ਇਹ ਗੱਲ ਓਸ ਦਿਨ ਦੀ ਸੀ ਜਦੋਂ ਇਹ ਹੋਈ ਸੀ। ਹੁਣ ਦਿਨ ਹੋਰ ਏ, ਤੇ ਗੱਲ ਹੋਰ।
Leanne ਰਾਤੀਂ ਮੇਰੀ ਪਿੱਠ ਵੱਲ ਹੀ ਪਈ ਸੀ, ਪਰ ਮੈਂ ਕੁਝ ਕਾਰਨਾਂ ਕਰ ਹੱਥ ਲਾ’ ਕੇ ਨਹੀਂ ਵੇੱਖਿਆ ਹੋਣਾ?
ਸਾਨੂੰ ਦਿੱਤੀ ਰੱਬ ਨੇ ਚਾਬੀ
ਤੇ ਆਖਿਆ ਲੱਭੋ ਮੋਰੀ
ਅਸਾਂ ਰੱਬ-ਘਰ ਕੀਤੀ ਚੋਰੀ
ਰਾਤੀਂ ਚੰਨ ਲੀਤਾ।
ਚਿਚ੍ਹੀ ਨੂੰ ਘੇਰ ਕੇ 'ਕੱਲਾ
ਕਾਬੂ ਦਾ ਪਾਇਆ ਛੱਲਾ
ਸੁਪਨੇ ਦੀ ਲਾ ਕੇ ਪੌੜੀ
ਕੁੱਬੇ ਨੇ ਕੀਤੋ ਈ ਘੋੜੀ
ਰਾਤੀਂ ਚੰਨ ਲੀਤਾ।
ਤੇ ਲੱਤਾਂ ਵਿਚ ਜਾ ਵੜ੍ਹਿਆ
ਫਿਰ ਹੋਇਆ ਪੱਬਾਂ ਭਾਰ
ਤੇ ਨੱਚਿਆ ਵਾਲ਼ ਖਿਲਾਰ
ਰਾਤੀਂ ਚੰਨ ਲੀਤਾ।
ਮੈਂ ਲਿਖਦਾ ਰਹਿੰਦਾ ਵਾਂ ਇਸ ਬਾਰੇ ਵੀ ਕਿ ਕੁਝ ਚੀਜ਼ਾਂ ਨੂੰ ਹੱਥ ਲਾ ਕੇ ਨਹੀਂ ਵੇਖੀਦਾ ਹੋਂਦਾ, ਖ਼ਾਸ ਕਰ ਰਾਤ ਪਿਆਂ। ਜਿਵੇਂ ਹੁਣ ਬਿਸਤਰੇ ਚ ਬੈਠਾ ਇਹ ਲਿਖ ਰਿਹਾ ਵਾਂ, ਓਸ-ਦਿਨ ਅੰਝ ਹੀ ਬਿਸਤਰੇ ਚ ਬੈਠਾ ਓਹ ਲਿਖ ਰਿਹਾ ਹੋਣਾ ਜੋ ਮੈਂ ਪਹਿਲਾਂ ਲਿਖ ਹਟਿਆਂ। ਓਸ ਦਿਨ ਇਹ ਸਵੇਰ ਦੀ ਸੈਰ ਕਰ ਮੁੜੀ ਵੇਖਦੀ ਏ ਕਿ ਮੈਂ ਕੁਝ ਪਿਆ ਲਿਖਦਾ ਵਾਂ। ਜਿ਼ਦ ਕਰਨ ਲੱਗੀ ਕਿ ਪੜ੍ਹ ਕੇ ਸੁਣਾਵਾਂ। ਮਖਾਂ ਹੁਣ ਮੈਂ-ਨੂੰ ਸੰਗ ਆਵੰਦੀ ਏ, orientation ਚ ਸੁਣਾਵਾਂਗਾ। ਮੈਂ ਵੀ ਲਿਖ-ਲਿਖ ਕਰ ਅੱਕ ਗਿਆ ਸਾਂ, ਸੋ ਓਹਦੀਆਂ ਫ਼ੋਨ ‘ਪਰ ਖਿੱਚ ਲਿਆਵੰਦੀਆਂ ਫੋਟੋਆਂ ਵੇਖਣ ਲੱਗ ਪਿਆ। ਫੋ਼ਨ ਓਹ-ਦੇ ਹੱਥੋਂ ਤਿਲਕ ਗਿਆ, ਤੇ ਵਿੱਚੋਂ ਕਈ ਪੁਰਾਣੀਆਂ ਤਸਵੀਰਾਂ ਫ਼ਰਸ਼ ‘ਤੇ ਡਿੱਗ ਗਈਆਂ। ਮੈਂ ਪੁਛਣ ਬਹਿ ਗਿਆ ਕਿ ਕੌਣ ਲੋਕ ਸਨ ਓਹ? ਕਿੱਥੇ ਹੋਂਦੇ ਨ? ਕੀ ਲਗਦੇ ਸੀ ਤੇਰੇ? ਵਗੈਰਾ-ਵਗੈਰਾ।
ਹੁਣ ਗੱਲ ਹੋਰ ਏ। ਹੁਣ ਮੈਂ ਸਵਖ਼ਤੇ ਆਪਣੇ ਬਿਸਤਰੇ ਚ ਬੈਠਾ ਕੁਝ ਲਿਖਣ ਦਾ ਯਤਨ ਕਰ ਰਿਹਾ ਵਾਂ, ਪਰ ਨੀਂਦ ਘੇਰ ਰਹੀ ਏ। ਤੜ੍ਹਕੇ ਦੀ ਸੈਰ ਕਰਨ ਨਿਕਲੇ Schrodinger ਨੇ ਦਰਵਾਜਾ ਖੜਕਾਇਆ, ਪਰ ਅਸੀਂ ਸਾਰੇ ਸੁੱਤੇ ਪਏ ਸਾਂ। ਰਾਤ ਨੂੰ ਓਸ ਦੀਆਂ ਬਿੱਲੀਆਂ ਵੀ ਸਾਡੇ ਕੋਲ਼ ਹੀ ਠਹਿਰ ਗਈਆਂ ਸਨ, ਤੇ ਘੋੜੇ ਵੇਚ ਕਰ ਪਈਆਂ ਸੋਵੰਦੀਆਂ ਸਨ। ਜਦ ਅਸੀਂ ਸਾਰੇ ਸੁੱਤੇ ਹੋਵਨੇ ਵਾਂ ਤਾਂ ਸਭ ਕੁਝ ਹੋਵਣੋ ਹਟ ਜਾਵੰਦਾ ਏ। Schrodinger ਨੂੰ ਇੰਤਜ਼ਾਰ ਕਰਨਾ ਪੈਵੰਦਾ ਏ। ਮੈਂ ਪਾਸਾ ਨਹੀਂ ਲੈਣਾ। ਅੱਖ ਖੁੱਲ੍ਹ ਗਈ ਤਾਂ ਸਮਾਂ ਤੁਰ ਪੈਣਾ ਏ, ਤੇ ਖੌਰੇ ਕਿਹੜੀ ਬਿੱਲੀ ਦਾ ਸੂਆ ਮੇਰੀ ਝੋਲ਼ੀ ਪੈਣਾ ਏ।
ਨਾ ਮੈਂ ਖੋਲ੍ਹਾਂ ਅਲ ਮਾਰੀ ਸ੍ਰੋਡਿੰਗਰਾ
ਸੋਵਨ ਕਰਨ ਤੇਰੀਆਂਬਿੱਲੀਆਂ
ਨਾ-ਹਾਂ ਕਰਨ ਤੇਰੀਆਂਬਿੱਲੀਆਂ ਸ੍ਰੋਡਿੰਗਰਾ
ਨਾ-ਨਾ ਕਰਨ ਤੇਰੀਆਂਬਿੱਲੀਆਂ
The narrator goes home carrying a new possibility with him.
Soon there are cats giving advice, questions that belong to another time, photographs that have not yet been found, and memories that seem to have happened before they happened.
Time, here, is not quite keeping its place.