04. ਮੇਰੇ ਕੋਲ਼਼ ਇਕ ਬਿੱਲੂ ਏ। I Have a Cat
ਸੱਚ ਆਂਡਿਆਂ ਵਾਲ਼ੀ ਗੱਲ ਤਾਂ ਵਿੱਚੇ ਰਹਿ ਗਈ।
ਟਟੀਹਰੀ ਤੋਂ ਲੱਥੀ ਫੈਂਟੀ ਵਾਲ਼ੇ ਦਿਨ ਬਾਹਰ ਜ਼ੋਰਾਂ ਦੀ ਝੜੀ ਲੱਗੀ ਸੀ। ਸਿੱਜਣ ਦੇ ਡਰੋਂ ਮੈਂ ਬਾਹਰ ਜਾਣ ਦੀ ਬਜਾਏ ਘਰ ਦੇ ਅੰਦਰੋਂ ਹੀ ਹਰ ਪੰਜ-ਦਸ ਮਿੰਟ ਬਾਅਦ ਏਹ-ਨੂੰ ਹਾਕ ਮਾਰਦਾ ਸਾਂ, ਕਿ ਛੇਤੀ ਮੁੜ੍ਹ ਆਵੇ। ਹਾਕ ਤਾਂ ਮੈਂ ਬਥੇਰੀ ਜ਼ੋਰ ਨਾਲ਼ ਮਾਰਦਾ ਸਾਂ, ਪਰ ਜਿਹ-ਥਾਂ ਵੀ ਓਹ ਲੁਕਿਆ ਬੈਠਾ ਹੋਣਾ, ਉਤ-ਥਾਂ ਸੁਣੇ-ਕ-ਨਾ? ਕੰਨ ਤਾਂ ਮੂਰਖ ਹੋਂਦੇ ਨ। ਬਿੱਲੇ ਕਈ ਵਾਰ ਹੈਡਫ਼ੋਨ ਲਾ’ ਕੇ ਵੀ ਸੌਂ ਜਾਵੰਦੇ ਨ। ਪਤਾ ਨਹੀਂ। ਬਾਹਰ ਬਿਜਲੀ ਵੀ ਚਮਕਦੀ ਸੀ, ਤੇ ਮੈਨੂੰ ਪਤਾ ਸਾ ਬਿੱਲੂ ਨੂੰ ਅਸਮਾਨ ਚ ਪੈਵੰਦੇ ਝਮਕਾਰਿਆਂ ਕੋਲ਼ੋਂ ਕਿੰਨਾ ਭੈਅ ਆਵੰਦਾ ਏ। ਏਨ੍ਹਾਂ ਦੀ ਲਿਸ਼ਕੋਰ ਇਹ ਮੇਰੇ ਕੋਲ਼ ਸੁੱਤਿਆਂ ਵੀ ਮਹਿਸੂਸ ਕਰਦਾ ਏ ਤੇ ਤ੍ਰਿਭਕ ਕੇ ਉੱਠ ਬਹੁੰਦਾ ਏ, ਭਾਵੇਂ ਬੱਦਲ ਗੱਜਣ ਦੀ ਰਤਾ ਵੀ ਆਵਾਜ਼ ਨਾ ਆਵੇ। ਓਦੋਂ ਮੈਂ ਏਹ-ਦਾ ਸਿਰ ਪਲੋਸ ਕੇ ਏਹ-ਨੂੰ ਕੋਈ ਲੋਰੀ ਸੁਣਾਵੰਦਾ ਵਾਂ, ਜਿਹ ਚ ਏਹ-ਦਾ ਨਾਓਂ ਆਵੇ।
ਅੰਞ ਏਹ-ਨੂੰ ਪਤਾ ਲੱਗ ਜਾਵੰਦਾ ਏ ਕਿ ਏਹ-ਦਾ ਨਾਓਂ ਜਾਣਦਾ ਕੋਈ ਬੰਦਾ ਓਹ-ਦੇ ਕੋਲ਼ ਏ, ਤੇ ਓਹ ਮਹਿਫੂਜ਼ ਏ। ਕਈ ਵਾਰ ਅੰਞ ਕਰਦਿਆਂ ਮੇਰੀ ਅੱਖ ਏਹ-ਤੋਂ ਵੀ ਪਹਿਲਾਂ ਲੱਗ ਜਾਵੰਦੀ ਏ, ਪਰ ਮੈਂ ਸੁਫ਼ਨੇ ਚ ਵੀ ਇਹ ਕੰਮ ਤਦ ਤੱਕ ਕਰਦਾ ਰਹਿੰਦਾ ਵਾਂ ਜਦ ਤੱਕ ਇਹ ਮੇਰੇ ਸੁਫ਼ਨੇ ਅੰਦਰ ਵੀ ਸੌਂ ਨਹੀਂ ਜਾਵੰਦਾ।
ਆਂਡਿਆਂ ਵਾਲ਼ੀ ਦੱਸੀ ਵਾਰਦਾਤ ਵਾਲ਼ੀ ਸਵੇਰ ਇਹ ਬਾਉ-ਜੀ ਮੀਂਹ ਨਾਲ਼ ਭਿੱਜੇ, ਟਟੀਹਰੀ ਕੋਲ਼ੋਂ ਗੰਜ ਕਢ੍ਹਾ ਕੇ ਘਰ ਪੁੱਜੇ। ਮੈਂ ਫਿ਼ਕਰਾਂ ਕਰਦਾ ਸਾਰੀ ਰਾਤ ਨਾ ਸੁੱਤਾ ਸਾਂ, ਸੋ ਰਤਾ ਨਸੀਹਤੀ ਹੋ ਕਿ ਆਖਿਆ , “ਖਾ ਲਿਆ ਕਰ ਆਂਡੇ, ਪਰ ਘੱਟ ਖਾਇਆ ਕਰ। ਗੱਲ ਸ਼ੱਕ ਤੋਂ ਅੱਗੇ ਨਹੀਂ ਵਧਣ ਦੇਣੀ ਚਾਹੀਦੀ। ਤੇ ਨਾਲ਼ੇ ਹੈਡਫ਼ੋਨ ਲਾ ਕੇ ਨਾ ਸੰਵਿਆ ਕਰ”। ਆਖਣ ਲੱਗਿਆ, ਮੈਂ ਤਾਂ ਕਿਸੇ ਹੋਰ ਗੱਲੋਂ ਟਟੀਹਰੀ ਦੀ ਮਦਦ ਕਰਨ ਗਿਆ ਸਾਂ, ਪਰ ਓਹ-ਨੂੰ ਕੋਈ ਗ਼ਲਤਫ਼ਹਿਮੀ ਹੋ ਗਈ ਤੇ ਓਹ ਮੇਰੇ ਹੀ ਪਿੱਛੇ ਪੈ ਗਈ। ਮਖਾਂ ਮੈ-ਨੂੰ ਨਹੀਂ ਪਤਾ ਕਿ ਤੂੰ ਆਂਡੇ ਖਾਵੰਦਾ ਏਂ ਜਾਂ ਨਹੀਂ, ਜਾਂ ਓਹ-ਨੂੰ ਗ਼ਲਤਫਿ਼ਹਮੀ ਹੋਈ ਏ। ਹੋ ਸਕਦਾ ਏ ਮੈਂ ਹੀ ਖਾਵੰਦਾ ਹੋਵਾਂ ਤੇ ਨਾਂ ਤੇਰਾ ਲੱਗ ਜਾਵੰਦਾ ਹੋਵੇ? ਆਪੋ-ਆਪਣੇ ਖਾਵਨ-ਪਾਵਨ ਅਸੀਂ ਇਕ ਹੱਦ ਤੱਕ ਹੀ ਹੋਰਾਂ ਨੂੰ ਸਮਝਾ ਸਕਦੇ ਵਾਂ, ਬਾਕੀ ਜਿਹ-ਨੂੰ ਜੋ ਸਮਝ ਆਵੰਦਾ ਏ, ਓਹ-ਨੇ ਓਹੀ read ਕਰਨਾ ਏ।
ਟਟੀਹਰੀ ਕਈ ਦਿਨਾਂ ਦੀ ਤੈਨੂੰ read ਕਰ ਰਹੀ ਸੀ। ਜੇ ਤੂੰ ਸਚਮੁਚ ਹੀ ਆਂਡੇ ਖਾਵੰਦਾ ਸੈਂ, ਤਾਂ ਇਕ ਅੱਧ ਵਾਰ ‘ਨਾ’ ਖਾ ਕਿ ਗੱਲ ਨੂੰ ਕਿਸੇ ਸ਼ੱਕ ਤੱਕ ਹੀ ਰਹਿਨ ਲੈਂਦੋਂ? ਅੰਞ ਵੀ ਹੋ ਸਕਦਾ ਏ ਕਿ ਤੇਰੀ ਲੋੜ ਵੱਧ ਹੋਵੇ, ਜਾਂ ਤੂੰ ਸਿਰਫ਼ ਖਾਵਣ ਦੇ ਯਤਨ ਚ ਹੀ ਬਦਨਾਮ ਹੋ ਗਿਆ ਹੋਵੇਂ? ਮੈਂ ਵੀ ਕਈ ਵਾਰ ਕੱਚੀ ਚੋਰੀ ਚ ਫੜਿਆ ਗਿਆ ਵਾਂ।
ਤੂੰ ਮਸਤੀ ਚ ਆਂਡਿਆਂ ਨੂੰ ਇਗਨੋਰ ਕਰਦਾ ਅੱਗੇ ਨਿਕਲ ਜਾਇਆ ਕਰ, ਰੁਕਿਆ ਨਾ ਕਰ। ਆਂਡਿਆਂ ਨੂੰ cross ਕਰਦਿਆਂ (ਬਿੱਲੂ ਦੋ-ਭਾਖੀ ਏ। ਪੰਜਾਬੀ ਤੇ ਅੰਗਰੇਜ਼ੀ, ਦੋਵ੍ਹੇਂ ਸਮਝਦਾ ਏ) ਜੇ ਟਟੀਹਰੀਆਂ ਤੈਨੂੰ ਵੇਖ ਲੈਵੇ, ਤਾਂ ਸੂਝਵਾਨ ਬੰਦੇ ਵਾਂਙ ਅੱਗੇ ਲੰਘ ਜਇਆ ਕਰ। ਜੇ ਟਟੀਹਰੀ ਦੇ ਮੂੰਹੋਂ ਕੁਝ ਚੰਗਾ-ਭਲ਼ਾ ਨਿਕਲ ਵੀ ਜਾਵੇ, ਤਾਂ ਦੌੜਨ ਨਾ ਲੱਗ ਜਾਇਆ ਕਰ (ਮੈਂ ਵੀ ਦੌੜਨ ਕਾਰਨ ਫੜਿਆ ਗਿਆ ਸਾਂ)। ਥੋੜੀ ਦੂਰ ਜਾ ਕੇ ਸਲੀਕੇ ਨਾਲ਼ ਪਿਛਾਂਹ ਮੁੜ-ਕਰ ਘੁਰਦੀ ਟਟੀਹਰੀ ਨੂੰ ਪੁੱਛਿਆ ਕਰ, “excuse me?”, ਓਹ ਵੀ ਬਿਨਾਂ overacting ਕੀਤਿਆਂ। ਟਟੀਹਰੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਵੇਗਾ। ਓਨੂੰ ਸ਼ੱਕ ਤਾਂ ਰਹੇਗਾ, ਪਰ ਆਪਣੀ ਬਦਜੁਬਾਨੀ ਕਾਰਨ ਓਹ-ਨੂੰ defensive ‘ਤੇ ਜਾਣਾ ਪੈਵੇਗਾ। ਮੈਂ ਕਚਿਹਰੀਆਂ ਚ ਐਸੇ ਬਹੁਤ ਕੇਸ ਵੇਖੇ ਨ। ਹੋ ਸਕਦਾ ਏ ਟਟੀਹਰੀ ਨੂੰ ਤੈਥੋਂ ਮੁਆਫ਼ੀ ਵੀ ਮੰਗਣੀ ਪੈ ਜਾਵੇ, ਜਾਂ ਇਕ-ਅੱਧ ਆੰਡਾ ਵੀ ਤੈਂ-ਨੂੰ ਦੇਣਾ ਪੈ ਜਾਵੇ। ਤੇ ਜੇ ਹਰ ਵਾਰ ਫੜਿਆ ਜਾਵੰਦਾ ਰਿਹਾ ਤਾਂ ਠੂੰਗੇ ਤਾਂ ਵੱਜਣੇ ਹੀ ਨ, ਹੋ ਸਕਦਾ ਏ restraining order ਵੀ issue ਹੋ ਜਾਵਣ।
ਮੈਂ-ਨੂੰ ਪਤਾ ਏ ਤੈਨੂੰ ਵੇਲ਼-ਬੂਟੇ ਤੇ ਚਿੜੀਆਂ ਕਿੰਨੀਆਂ ਆਪਣੀਆਂ ਲਗਦੀਆਂ ਨ। ਘਰਾਂ ਅੰਦਰ ਤਾਂ ਡੋਰੇਮੋਨ ਹੀ ਹੋਵੰਦਾ ਏ ਜੀ ਪਰਚਾਵਣ ਨੂੰ । ਮੈਂ ਤੈ-ਨੂੰ ਤੇਰਾ defense ਦੱਸ ਰਿਹਾ ਵਾਂ। ਇਹ ਕਦਿ ਵੀ ਨਹੀਂ ਆਖਾਂਗਾ ਕਿ ਹੋਰਾਂ ਦੇ ਆਂਡੇ ਖਾਇਆ ਕਰ। ਜੇ ਟਟੀਹਰੀ ਨੂੰ ਅੰਞ ਲਗਦਾ ਏ ਕਿ ਤੂੰ ਖਾਵੰਦਾ ਏਂ, ਤਾਂ ਹੋ ਸਕਦਾ ਏ ਲੋਕਾਂ ਨੂੰ ਵੀ ਲਗਦਾ ਹੋਵੇ। ਫਿਰ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੰਦੀ ਏ, ਕਿਓਂਕਿ ਸਾਡੇ ਉਰੇ ਲੋਕਾਂ ਦੇ ਬੱਚੇ ਖਾਣਾ ਚੰਗੀ Look ਨਹੀਂ ਸਮਝੀ ਜਾਵੰਦੀ। ਸਾਡੀ ਦੁਨੀਆਂ ਚ ਜੇ ਮੈਂ ਲੋਕਾਂ ਦੇ ਆਂਡੇ ਖਾਵੰਦਾ ਹੋਵਾਂ ਤਾਂ ਧਿਆਨ ਨਾਲ਼ ਖਾਵਾਂਗਾ, ਕਿਉਂਕਿ ਸਖ਼ਤ ਮਨਾਹੀ ਏ। ਇਸ ਲਈ ਨਹੀਂ ਕਿ ਉਹ ਸਮਝਦਾਰ ਹੋ ਗਏ ਨ। ਸਗੋਂ ਇਸ ਲਈ ਕਿ ਇਹ ਲੋਕ ਵੀ ਕਦਿ ਭੁੱਖਾਂ-ਮਾਰੇ ਬਿੱਲੇ ਹੋਵੰਦੇ ਸਨ। ਨਿੱਕੇ ਹੋਂਦਿਆਂ ਮੈਂ ਵੀ ਪੰਖੂਆਂ ਦੇ ਆਂਡੇ ਖਾਧੇ ਨ। ਉਹ ਭੁੱਖ ਹੋਰ ਹੋਂਦੀ ਏ। ਤੂੰ ਜੇ ਖਾਵੰਦਾ ਏਂ ਤਾਂ ਪਿੰਡੇ ਦੀ ਭੁੱਖ ਨੂੰ ਖਾਵੰਦਾ ਹੋਵੇਂਗਾ। ਸਾਡੀ ਭੁੱਖ ਨਿਗਾਹ ਤੇ ਹੱਥ ਦੀ ਪਹੁੰਚ ਦੀ ਹੋਂਦੀ ਸੀ। ਜਾਨਣ ਦੀ ਭੁੱਖ, ਕਿ ਹੱਥ-ਪੈਰ ਤੇ ਜੀਭਾ ਕਿੱਥੇ ਤੀਕ ਪੁੱਜ ਸਕਦੇ ਨ। ਜੀਭ ‘ਤੇ ਕੀ-ਕੀ ਰੱਖੋ ਤਾਂ ਚੰਗਾ ਲਗਦਾ ਏ।
ਤੇ ਅਜਿਹੇ experiment ਕਰਦਿਆਂ ਕਦਿ-ਕਦਿ ਪੈ ਜਾਵੰਦੀਆਂ ਹੋਂਦੀਆਂ ਨ। ਦੋ ਚਾਰ ਉੱਡ ਗਏ ਵਾਲ਼ਾਂ ਦਾ ਮਲ਼ਾਲ ਕੋਈ ਨਾ। ਗੱਲ ਦਿਲ ਨੂੰ ਨਾ ਲਾਵੀਂ। ਵੇਖ— ਮੈਂ ਵੀ ਕਦਿ ਕੋਈ ਆੰਡਾ ਸਾਂ, ਇਹ-ਦਾ ਮਤਲਬ ਇਹ ਨਹੀਂ ਮੈਂ ਆਂਡੇ ਨਹੀਂ ਖਾਵੰਦਾ। ਸਿਰਫ਼ ਆਂਡੇ ਹੀ ਆਂਡੇ ਨਹੀਂ ਖਾਵੰਦੇ, ਬਾਕੀ ਸਾਰੇ ਖਾਵੰਦੇ ਨ, ਪਰ ਰਤਾ ਧਿਆਨ ਨਾਲ਼।
ਤੂੰ ਆਂਡੇ ਖਾਵੰਦਾ ਏਂ, ਟਟੀਹਰੀ ਰਾਹ ਜਾਵੰਦੇੇ ਗੰਡੋਏ ਬਾੱਲਾਂ ਦੇ ਮੂੰਹ ਧਰਦੀ ਏ। ਰਤਾ ਆਟੇ ਵਾਲ਼ੇ ਹੱਥ ਧੋਵਨ ਦੇ, ਮੈਂ ਤੇਰੀ ਧੋਣ ‘ਤੇ ਖਾਜ ਕਰਦਾਂ ਜਿਵੇਂ ਤੈਨੂੰ ਚੰਗਾ ਲਗਦਾ ਏ। ਉਹ ਕੰਮ ਕਰੀਏ ਜਿਹਦੀ ਇਸ ਵੇਲ਼ੇ ਲੋੜ ਏ। ਤੇਰੇ ਖਾਜ ਕਰ, ਤੈਨੂੰ ਸੁਆਲ ਕੇ ਮੈਂ ਲਿਖਣਾ ਏ। ਆਪਣੇ ਖਾਜ ਕਰਨੀ ਏ।
Billu goes out into the world and comes back with stories written on his body.
There are eggs, accusations, a snake friend, rain, hunger, scratches, and a narrator who keeps trying to defend him without quite knowing what he has done.
Perhaps the important thing is simpler: there is someone here who knows Billu’s name, scratches his neck, lets him sleep on his chest—and keeps writing.