MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

12. A-ਕਾਰਨ ਅਕੰਮ । Road to revolution

ਇਕ ਬਿੱਲੀ ਆਖਦੀ ਏ ਕਿ Leanne ਨੂੰ ਪੁੱਛ ਲੈ। ਮਨ ਤਾਂ ਆਪਣਾ ਹੀ ਕੋਠਰੂ ਹੋਵੰਦਾ ਏ। ਕਿਸੇ ਨੂੰ ਕੁਝ ਆਖਣ ਨਾਲ਼ ਬੂਹੇ-ਬਾਰੀਆਂ ਖੁਲਦੇ ਨ, ਹੋਣ ਦਾ ਹੌਂਸਲਾ ਹੋਵੰਦਾ ਏ। ਦੂਜੀ ਅਖੇ ਇਹ ਹੌਂਸਲਾ ਨਹੀਂ, ਮਾਨਸਿਕ ਰੋਗ ਏ। ਬਿੱਲੂ ਆਖਦਾ ਏ ਕਿ coffee ਪੀ ਲੈ ਓਦ੍ਹੇ ਨਾਲ਼, ਪਰ ਓਸ ਤੋਂ ਫੋਰਨ ਬਾਅਦ retirement ਲੈ ਲੈ; ਤੇ "ਕੁਝ ਹੋ ਸਕਦਾ ਏ" ਦੀ ਜਿ਼ਦ ਛੱਡ ਦੇ।

ਇਹਨਾਂ ਤਿੰਨਾਂ ਬਿੱਲੀਆਂ ਦੇ ਫ਼ੈਸਲੇ ਵੱਖੋ-ਵੱਖ ਹਨ, ਪਰ ਬਹੁੰ ਸਪਸ਼ਟ ਹਨ। ਮੇਰੇ ਆਪਣੇ ਦਿਮਾਗ ਕੋਲ਼ ਓਹ ਸਪਸ਼ਟਤਾ ਨਹੀਂ ਏ, ਤੇ ਇਸ ਦਾ ਕਾਰਨ ਏ- x।y ਦਾ ਜੌੜਾ। ਨਾ ਇਨ੍ਹਾਂ ਤੋਂ ਕੋਈ ਪਰਮ ਨਿਤਾਰਾ ਹੋਵੰਦਾ ਏ ਕਿ ਕੋਈ ਕੀ ਏ, ਕੌਣ, ਤੇ ਕਿੱਥੇ ਏ, ਨਾਂ ਮੈਂ-ਤੋਂ ਕੋਈ ਫ਼ੈਸਲਾ ਲੈ ਹੋਵੰਦਾ ਏ।

ਓਸ ਦਿਨ ਇਨ੍ਹਾਂ ਦੋਵ੍ਹਾਂ ਨੇ ਮੇਰਾ “Leanne ਨਾਲ਼ ਖੁੱਲ੍ਹ ਕੇ ਗੱਲ ਨਾ ਕਰਨ” ਨੂੰ ਬਹੁੰ pathologies ਕੀਤਾ। ਆਖਣ ਜਾਂ ਤਾਂ ਖੁੱਲ੍ਹ ਕੇ ਕਰ ਲੈ, ਜਾਂ ਰਹਿਣ ਦੇ। ਹੱਦ ਏ? ਕੋਈ ਲੈਂਟਰ ਏ ਜਿਹੜਾ ਸੈਟ ਹੋ ਗਿਆ ਤਾਂ ਹੋ ਗਿਆ? ਪੁੱਠਾ ਖੁੱਲ ਗਿਆ ਤਾਂ ਸਿਰ ‘ਤੇ ਆ ਡਿਗਣਾ ਏ। ਪਰ ਮੇਰਾ ਸੰਕਟ ਇਹ ਸਾ ਕਿ ਬਿਨ੍ਹਾਂ ਇਨ੍ਹਾਂ ਸਾਰਿਆਂ ਦੀ ਸਹਿਮਤੀ ਦੇ ਮੈਂ ਤੁਰ-ਫਿਰ ਨਹੀਂ ਸਕਦਾ, ਕਿਉਂਕਿ ਮੈਂ ਇਨ੍ਹਾਂ ਸਾਰਿਆਂ ਦਾ ਹੀ ਬਣਿਆ ਹੋਇਆ ਵਾਂ। ਮੈਂ ਇਕ ਵਾਰ ਫਿਰ ਇਨ੍ਹਾਂ ਨੂੰ ਸੋਫ਼ੇ ਪਰ ਬਿਠਾਇਆ, ਤੇ polemics ਦੇ ਚੰਗੇ ਚੰਗਿਆੜੇ ਕੱਢੇ।

ਪਰਵਚਨ :

Comic version of The statue of Lenin at Finland Station in Saint Petersburg
ਸਭ ਕੁਝ, ਕੁਝ ਨਾ ਕੁਝ ਕਰਨ ਨਾਲ਼ ਹੀ ਨਹੀਂ ਹੋਵੰਦਾ। ਕੁਝ ਅਕਾਰਨ ਕੰਮ “ਅ-ਕਰਨ” ਕਾਰਨ ਵੀ਼ ਹੋਵਂਦੇ ਨੇ, ਤੇ ਓਨ੍ਹਾਂ ਨੂੰ ‘ਕਰਨਾ’ ਨਹੀਂ, ‘ਅਕਰਨਾ’ ਪੈਵੰਦਾ ਏ। ਜਿਵੇਂ ਬਹਾਦਰੀ ਕੁਝ ਮੰਗ ਜਾਂ ਖੋਹ ਲੈਣ ਚ ਨਹੀਂ ਹੋਵੰਦੀ, ਸਗੋਂ ਇਹ ਪਤਾ ਹੋਵੰਦਿਆਂ ਕਿ ਕੋਈ ਚੀਜ਼ ਮੰਗੀ ਵੀ ਜਾ ਸਕਦੀ ਏ ਤੇ ਖੋਹੀ ਵੀ; ਤਾਂ ਵੀ ਨਾ ਮੰਗਣਾ ਤੇ ਨਾ ਖੋਹਣਾ, ਬੱਸ ਵੇੱਖੀ ਜਾਣਾ (ਚ ਹੋਂਦੀ ਏ)। ਇਹ ਓਹ ਬਹਾਦਰੀ ਏ ਜਿਸ ਚ ਇਕ silent ।ਅ-। ਲੱਗਿਆ ਏ। ਜਾਣੋ ਕਿ ਬਿਨਾਂ ਕੁਝ ਪੁੱਛਿਆਂ-ਮੰਗਿਆਂ ਵੀ ਅਸੀਂ ਬਹਾਦਰ ਹਾਂ। ਅਸਲੀ ਕ੍ਰਾਂਤੀ ਇਹ ਹੋਵੇਗੀ ਕਿ ਅਸੀਂ ਏਨ੍ਹਾਂ ਲੋਟੂ ਹੁਕਮਰਾਨਾਂ ਨੂੰ ਕੁਝ ਵੀ ਨਾ ਪੁੱਛੀਏ। ਇਸ ਤੋਂ ‘ਵੱਡੀ’ ਵਡਿਆਈ ਕੀ ਹੋ ਸਕਦੀ ਏ? ਜੇ ਜਿੱਤਣਾ ਚਾਹੁੰਦੇ ਓ, ਤਾਂ ਪਹਿਲਾਂ ਹਾਰ ਕੇ ਵਿਖਾਓ। ਜਦੋਂ ਤੁਸੀਂ ਹਾਰੇ ਬੰਦੇ ਦੀ ਮਨੋ-ਦਸ਼ਾ ਸਮਝੋਗੇ ਤਾਂ ਓਸ ਦੀ ਹਾਰ ਨੂੰ ਵੀ ਸਮਝੋਗੇ। ਜੇ ਸਭ ਸਮਝ ਜਾਵੋਗੇ ਤਾਂ ਆਪਣੇ-ਆਪ ਨੂੰ ਹਾਰਿਆ ਮਹਿਸੂਸ ਵੀ ਕਰੋਗੇ, ਤੇ ਭਾਣਾ ਮੰਨੋਗੇ। ਇਸ ਭਾਣੇ ਮੰਨਣ ਤੋਂ ਬਾਅਦ ਤੁਹਾਡੀ ਜਿੱਤ ਤੈਅ ਵੇ। ਤੁਸੀਂ ਹਾਰ ਨੂੰ ਜਾਣ ਕੇ- ਜਿੱਤ ਲਿਆ ਏ। ਇਸ ਨਵੀਂ ਕਿਸਮ ਦੀ ਅ-ਜਿੱਤ ਵਿੱਚੋਂ ਹੀ ਬਿਨਾਂ ਅ- ਵਾਲ਼ੀ ਜਿੱਤ ਨਿਕਲ ਕੇ ਆਵੇਗੀ।

ਜਿ਼ੰਦਾਬਾਦ!

ਮੇਰੀਆਂ ਪਲਚੀਆਂ ਬਾਹਵਾਂ ਨੂੰ ਮੇਰੀ ਪਲਚੀ ਗੱਲ ਬਹੁੰ ਸਿਧੀ-ਪਧਰੀ ਤੇ ਸਪਸ਼ਟ ਲੱਗੀ। ਉਹ ਕੱਛਾਂ ਵਜਾਵੰਦੀਆਂ ਪੁੱਛਣ ਲੱਗੀਆਂ, “ਇਸ ਚ ਸਾਡਾ ਕੀ ਯੋਗਦਾਨ ਚਾਹੀਦਾ ਹੋਵੇਗਾ?”

ਮਖਾਂ ਸਾਥੀ, ਪਹਿਲਾਂ ਸਾਨੂੰ ਜੋਕੂ ਪੂੰਜੀਵਾਦ ਨੂੰ ਢੇਹਾ-ਢੇਰੀ ਕਰ ਦੇਣਾ ਚਾਹੀਦਾ ਏ। ਹੈ ਤਾਂ ਗੱਲ ਸਾਰੀ ਸਾਬਣ-ਤੇਲ ਦੀ ਹੀ ਏ, ਕਿ ਨਾ? ਪਰ ਅਸਲ ਗੱਲ ਤਾਂ ਭੁੱਖ ਤੋਂ ਸੁਰੂ ਹੋਂਦੀ ਏ। ਸਰੀਰ ਪ੍ਰਿਥਮਾ ਪਦਾਰਥ ਏ ਤੇ ਰੋਟੀ ਦੂਆ। ਇਸ ਲਈ ਲੱਤਾਂ-ਬਾਹਵਾਂ, ਤੇ ਹਾਜਿ਼ਰ-ਨਾਜਿ਼ਰ ਭੈਣੋ ਤੇ ਭਰਾਵੋ। ਸੁਣੋ। ਅਸੀਂ ਜ਼ਾਲਿਮ ਦੀ ਭਾਂਡੇ ਧੋ-ਧੋ ਕੇ ਹੀ ਬੱਸ ਕਰਵਾ ਦੇਣੀ ਏ, ਫਿਰ ਕਿੱਥੇ ਜਾਵੇਗਾ ਕੰਜਰ?

x।y : ਇਹ ਵੱਡੀਆਂ-ਵੱਡੀਆਂ ਗੱਲਾਂ ਘਰ ਬੈਠ ਕੇ ਹੀ ਕਰ ਹੋਵੰਦੀਆਂ ਨ। ਲੋਕਾਂ ਬਾਰੇ ਦਸਦਾ ਏਂ, ਓਨ੍ਹਾਂ ਦੀ ਸੋਚ ਨਿੱਕੀ ਏ। ਏਨੀਂ ਵੱਡੀ ਸੋਚ ਨਾਲ਼ ਕਿਸੇ ਨਿੱਕੀ ਸੋਚ ਵਾਲ਼ੀ profane class ਨਾਲ਼ ਗੱਲ ਕਿੰਝ ਕਰ ਹੋਸੀ?

ਮੈਂ: ਇਹ ਹੋਇਆ ਸੌਲਾਂ ਆਂਨੇ ਦਾ ਪ੍ਰਸ਼ਨ। ਇਤ-ਥਾਂ ਹੀ ਅਸੀਂ ।ਅ-। ਲਾਵਨਾ ਏ। ਯਾਨੀ profane ਨੂੰ unhinged profanity ਕਰਨ ਦਿਓ। ਜੇ ਓਹ ਕੁਝ ਕਰ ਰਿਹਾ ਏ ਤਾਂ ਓਹਦਾ ਹੱਲ ਤੁਹਾਡੇ ਅ-ਕਰਨ ਵਿਚ ਏ, ਨਾ ਕਿ ਕੁਝ ਕਰਨ ਬੈਠ ਜਾਵਣ ਵਿਚ। ਅੰਞ ਤਾਂ ਸਾਰੇ ਹੀ ਕਰਨ ਲੱਗ ਜਾਣਗੇ? ਜੇ ਸਾਰੇ ਹੀ ਸਭ ਕੁਝ ਕਰਨ ਲੱਗ ਜਾਣ ਤਾਂ ਕਰਨ ਲਈ ਕੀ ਰਹਿ ਜਾਵੇਗਾ? ਇਸ ਲਈ, ਜੋ ਕਰਦੇ ਨੇ ਓਨ੍ਹਾਂ ਨੂੰ ਕਰ ਲੈਣ ਦਿਓ, ਤੁਸੀਂ ਆਪ ਨਾ ਕਰੋ। ਇਕ ਦਿਨ ਆਵੇਗਾ ਜਦੋਂ ਤੁਸੀਂ ਵੇੱਖੋਗੇ ਕਿ ਸਭ ਕੁਝ ਜੋ ਕਰਨ ਦਾ ਨਿਹਚਾ ਤੁਸਾਂ ਕੀਤਾ ਸਾ; ਦੁਸ਼ਮਣ ਨੇ ਹੀ ਕਰ ਦਿੱਤਾ।

ਪਰ ਤੁਹਾਡੇ ਰਸਤੇ ਬਹੁੰ ਦੁਰਗਮ ਹੋਣਗੇ। ਹਰ ਪੈਰ ‘ਤੇ ਸਲੀਬਾਂ ਹੋਣਗੀਆਂ ਤੇ ਗੰਮਾਂ ਦੀ ਰਾਤ ਬਹੁੰ ਲੰਮੀ ਹੋਵੇਗੀ। ਇਸ ਮਹਾਨ ਕਾਰਜ ਲਈ ਸਾਨੂੰ ਕੁਝ ਤਕਲੀਫ਼ਦੇਹ ਫ਼ੈਸਲੇ ਲੈਣੇ ਪੈਣਗੇ, ਤੇ ਓਨ੍ਹਾਂ ‘ਤੇ ਅਮਲ ਵੀ ਕਰਨਾ ਪੈਵੇਗਾ, ਜਿਵੇਂ— ਬਿਨਾਂ ਲੋੜੋਂ ਆਪਣੇ-ਆਪ ਨੂੰ ਚੂਹੰਢੀਆਂ ਵੱਢਣੀਆਂ, ਅਖ਼ਬਾਰਾਂ ਚੋਂ spelling mistake ਕੱਢਣਾ, ਵਗੈਰਾ-ਵਗੈਰਾ। ਕਈਆਂ ਨੂੰ ਇਹ ਫ਼ੈਸਲੇ ਪੁੱਠੇ ਵੀ ਲੱਗ ਸਕਦੇ ਨੇ ਜਿਵੇਂ— ਕੁਝ ਕਰਨ ਲਈ ‘ਕੁਝ ਨਹੀਂ ਕਰਨਾ” ਤੇ ਓਸ ਕੁਝ ਨਹੀਂ ਕਰਨ ਦੀ ਸੁਰੂਆਤ “ਸਭ ਕੁਝ ਕਰੀ ਜਾਣ” ਤੋਂ ਕਰਨੀ। ਜਿਨ੍ਹਾਂ ਨੂੰ ਇਹ ਨੁਕਤਾ ਪੁੱਠਾ ਲਗਦਾ ਏ, ਓਨ੍ਹਾਂ ਭੈਣਾਂ ਭਰਾਵਾਂ ਨੂੰ ਬਾਕੀ ਦੀ ਕਿਤਾਬ ਸਿਰ ਪਰਨੇ ਹੋ ਕੇ ਪੜ੍ਹਨ ਦੀ ਬੇਨਤੀ ਏ। ਜਦੋਂ ਸਭ ਸਿਧ-ਪਧਰਾ ਤੇ ਸਪਸ਼ਟ ਹੋ ਜਾਵੇ, ਤੁਸੀਂ ਹੋਰਾਂ ਵਾਂਙ ਸਿੱਧੇ ਹੋ ਸਕਦੇ ਓ। ਸੋ ਬਿਨਾਂ ਹੋਰ ਸਮਾਂ ਖ਼ਰਾਬ ਕੀਤਿਆਂ ਮੈਂ ਹੇਠਾਂ ਕੁਝ ਸੁਝਾਅ ਪੇਸ਼ ਕਰ ਰਿਹਾਂ:

ਅਸੀਂ ਬਹੁਤ ਜਿ਼ਆਦਾ ਭਾਂਡੇ ਮਾਂਜਣੇ ਸੁਰੂ ਕਰ ਦਿਆਂਗੇ ਜਿਸ ਕਾਰਨ ਪੂੰਜੀਪਤੀ ਤੇ ਸੁਹਣੇ ਲੋਕ ਸਾਡੇ ਤੋਂ ਪਰੇਸ਼ਾਨ ਹੋ ਜਾਣਗੇ, ਤੇ ਸਾਨੂੰ ਕੰਮੋਂ ਕੱਢ ਦੇਣਗੇ। ਯਾਨੀ ਇਕ ਐਸੀ ਅਖੀਰੀ ਹਾਰ, ਜਿਸ ਚੋਂ “ਕੁਝ ਨਾ ਕਰਨ” ਦੀ ਮੁਕਾਮੀ ਜਿੱਤ ਦਾ ਸਫ਼ਰ ਸੁਰੂ ਹੋਵੇਗਾ। ਕੰਮ ਤੋਂ ਕੱਢੇ ਜਾਣ ਤੋਂ ਬਾਅਦ, ਯਾਨੀ ਜ਼ੁਲਮ-ਅਰ-ਜ਼ਾਲਿਮ ਦੋਵ੍ਹਾਂ ਤੋਂ ਛੁੱਟੀ ਲੈ, ਅਸੀਂ ਨਿਆਣਿਆਂ ਨੂੰ ਸੁੱਤੇ ਛੱਡ ਕੇ ਕਿਸੇ ਪਰਬਤ ਦੀ ਸ਼ਾਂਤੀ ਚ ਬੈਠ ਕਰ ਚੌਵੀ ਘੰਟੇ ਦੀ ਕਲਿ਼ਆਂ-ਕਲਿ਼ਆਂ ਤੋਂ ਜਾਣ ਛੁਡਾਵਾਂਗੇ। ਸਾਨੂੰ ‘ਕੁਝ ਨਾ ਕਰਦਾ’ ਵੇਖ ਕੇ evolution ਅਸਾਂ-ਨੂੰ ਮੁੜ ਮੱਛੀ ਬਣਾ ਦੇਵੇਗਾ, ਤੇ ਅਸੀਂ ਖੁੱਲੇ ਸਮੁੰਦਰ ਚ ਹਮੇਸ਼ਾਂ ਲਈ ਤਾਰੀਆਂ ਲਾ’ ਸਕਾਂਗੇ ਜਿੱਥੇ ਨਾ ਕੋਈ ਰੌਲ਼ਾ ਹੋਵੇਗਾ ਤੇ ਨਾ ਪੂੰਜੀਵਾਦੀ ਜੋੱਕਾਂ। ਧਿਆਨ ਦਿਓ:

ਕੁਦਰਤ ਕੁਦਰਤੀ ਹੀ ਕੁਦਰਤ ਏ
ਕੁਦਰਤ ਹੀ ਕੁਦਰਤੀ ਕੁਦਰਤ ਏ
ਕੁਝ ਕੁਦ ਏ । ਕੁਝ ਦਰਦ ਏ

ਜਾਂ—

ਕੋਈ ਦਰਖ਼ਤ ਏ।

ਇਹ ਗੱਲਾਂ ਮੈਂ ਆਪਣੀ ਅਗਲੀ ਭਾਵਨਾ-ਭਰਪੂਰ ਕਵਿਤਾਵਾਂ ਦੇ ਸੰਗ੍ਰਹਿ ਚ ਵੀ ਕੀਤੀਆਂ ਨ। ਇਤ-ਥਾਂ ਮੈਂ ਓਹੀ thought process ਵਾਰਤਕ ਵਿਧਾ ‘ਚ ਬਿਆਨ ਕਰ ਰਿਹਾ ਵਾਂ, ਜਿਸ ਅੰਦਰ ਨੁਸਖਿਆਂ ਨੂੰ ਵਿਸਤਾਰ ਚ ਸਮਝਾਇਆ ਗਿਆ ਏ। ਪੜ੍ਹੋ:

ਅਸੀਂ Leanne ਨੂੰ ਲਗਾਤਾਰ ‘ਕੁਝ ਵੀ ਨਾ ਪੁੱਛ ਕੇ’ ਤੰਗ ਕਰਦੇ ਰਹਿਵਾਂਗੇ। ਹਾਂ! ਇਕੱਲਾਪਣ ਬਹੁਤ ਲੱਗੇਗਾ, ਪਰ ਅਸੀਂ ਆਪ ਕੁਝ ਪੁੱਛਣ ਦੀ ਪਹਿਲ ਨਹੀਂ ਕਰਨੀ। ਜੇ ਓਹ ਆਵੰਦੇ-ਜਾਵੰਦੇ ਵੱਖੀ ਚ ਗੁਤਲੂ ਕਰ ਜਾਵੇ, ਤਾਂ ਮਨ੍ਹਾਂ ਕਰਨ ਦੀ ਵੀ ਕੋਈ ਲੋੜ੍ਹ ਵੀ ਨਹੀਂ। ਮਨ੍ਹਾਂ ਕਰਨ ਦੇ ਹੱਕ ਹੈ-ਨ, ਪਰ ਜੇ ਤੁਹਾਨੂੰ ਵੀ ਚੰਗਾ ਲੱਗੇ, ਤਾਂ ਜ਼ਾਲਿਮ ਨੂੰ ਇਹ ਸੁਹਣਾ ਜ਼ੁਲਮ ਵੀ ਕਰ ਲੈਣ ਦਿਓ। ਇਸ ਨਾਲ਼ ਪਾਰਟੀ ਦਾ ਹੀ ਏਕਲਾਪਾ ਘੱਟ ਹੋਵੰਦਾ ਏ। ਅੰਝ-ਕਰ ਕਿਸੇ-ਹਾਲ਼ੇ ਅਸੀਂ ਆਪਣੇ-ਆਪ ਨੂੰ Leanne ਨੂੰ ਹੱਥ ਲਾ’ ਵੇਖਣੋ ਬਚਾਉਂਦੇ ਰਹਿਵਾਂਗੇ, ਜਿਵੇਂ ਓਹ ਅਸਾਂ-ਨੂੰ ਨਿੱਤ ਲਾਵੰਦੀ ਏ। ਓਹ-ਨੇ ਲਾਇਆ ਜਾਂ ਅਸੀਂ ਲਾਇਆ, ਕੋਈ ਫ਼ਰਕ ਨਾ। ਸਹੁੰ ਖਾਓ ਕਿ ਇਨ੍ਹਾਂ ਦੀ ਕੁਤਕੁਤਾੜ੍ਹੀਆਂ ਦਾ ਜੁਆਬ ਕਦਿ ਵੀ ਕੁਤਕੁਤਾੜੀਆਂ ਨਾਲ਼ ਨਹੀਂ, ਸਗੋਂ ਦੂਜੀ ਵੱਖੀ ਵੀ ਅੱਗੇ ਕਰ ਕੇ ਦੇਵੋਗੇ।

ਅਸੀਂ ਮੱਛੀਆਂ ਤੋਂ ਆਵੰਦੇ ਹਾਂ, ਤੇ ਮੱਛੀਆਂ ਜੇ ਚਾਹਨ ਤਾਂ ਕਈ ਕੁਝ ਕਰ ਸਕਦੀਆਂ ਨ। ਉਦਾਹਰਣ ਲਈ, ਅਸੀਂ ਸਾਰੇ ਮੱਛੀਆਂ ਖਾਵੰਦੇ ਹਾਂ। ਸਾਨੂੰ ਲਗਦਾ ਏ ਕਿ ਮੱਛੀ ਦਾ role passive ਏ, ਜਦ ਕਿ ਅਜਿਹਾ ਸੋਚਣਾ ਸਹੀ ਨਹੀਂ ਏ। ਮੱਛੀ ਬਿਨਾਂ ਆਪਣਾ ਬਚਾਅ ਕੀਤੀਆਂ ਤੁਹਾਡੇ ਸਰੀਰ ਦਾ ਹਿੱਸਾ ਬਣ ਜਾਵੰਦੀ ਏ। ਜੇ ਮੱਛੀ ਕੋਈ ਗ਼਼ਲਤ ਚੀਜ਼ ਹੋਵੰਦੀ, ਤਾਂ ਤੁਸੀਂ ਖਾਵੰਦੇ ਹੀ ਕਿਓਂ? ਕੋਈ ਤਾਂ ਗੱਲ ਹੈ ਸੀ ਮੱਛੀ ਦੀ ਗੱਲ ਚ, ਜੋ ਤੁਹਾਂ-ਨੂੰ ਜਚ ਗਈ ਤੇ ਤੁਸਾਂ ਨੇ ਓਹ-ਨੂੰ ਆਪਣੇ ਪਵਿੱਤਰ ਸਰੀਰ ਦਾ ਹਿੱਸਾ ਬਣਾ ਲਿਆ?

A fishy intellectual
ਤੁਸੀਂ ਹੋਰ ਵੀ ਕਈ ਕੁਝ ਖਾਵੰਦੇ ਹੋਵੋਗੇ, ਜਿਵੇਂ ਫੁਲਕਾ, ਸਬਜ਼ੀ, ਆਂਡੇ ਤੇ ਹੋਰ ਨਿੱਕੇ-ਵੱਡੇ ਜਨੌਰ? ਇਹ ਭੋਜਨ, ਓਸ ਪਹਿਲਾਂ ਖਾਧੀ ਮੱਛੀ ਦਾ ਪੌਣ-ਪਾਣੀ ਤੇ ਸਬਜ਼ਾ ਤੇ ਸੰਗੀ-ਸਾਥੀ ਬਣ ਜਾਵੰਦਾ ਏ, ਤੇ ਓਹ ਮੱਛੀ ਆਪਣੇ ecosystem ਚ ਹਸਦੀ-ਵਸਦੀ ਏ। ਹੁਣ ਮੈਂ ਤੁਹਾਡਾ ਧਿਆਨ ਦਵਾਣਾ ਚਾਹਵਾਂਗਾ, please, ਧਿਆਨ ਦਿਓ। ਤੁਹਾਡੇ ਅੰਦਰ ਕੋਈ ਮੱਛੀ ਰਹਿੰਦੀ ਏ, ਜੋ ਤੁਹਾਂ-ਨੂੰ ਤੁਹਾਂ-ਦਾ ਪਿਛੋਕੜ ਯਾਦ ਕਰਵਾਵੰਦੀ ਏ। ਓਸ ਮੱਛੀ ਨਾਲ਼ ਹੋਰ ਮੱਛੀਆਂ ਤੇ ਸਬਜ਼ਾ ਜਾ ਰਲ਼ਦਾ ਏ, ਤੇ ਸਭ ਮੱਛੀਆਂ ਵਾਪਿਸ ਪਾਣੀ ਚ ਜਾ ਵੜਦੀਆਂ ਨ।

ਜੇ ਓਹੋ ਮੱਛੀ ਕੁਝ ਐਸਾ ਕਰਦੀ ਕਿ ਤੁਸੀਂ ਓਸ ਨੂੰ ਖਾ ਹੀ ਨਹੀਂ ਸਕਦੇ, ਫਿਰ? ਮੰਨ ਲਓ ਓਹਂ ਨਹਾਵੰਦੀ ਨਾ, ਗੰਦੀ ਬਣ ਕੇ ਘੁੰਮਦੀ ਰਹਿੰਦੀ ਜਾਂ ਸਵਾਦ ਨਾ ਹੋਵੰਦੀ? ਅੰਞ ਤੁਸੀਂ ਨਾ ਤਾਂ ਓਸ ਮੱਛੀ ਨੂੰ ਖਾਵਣਾ ਸਾ, ਨਾ ਆਪਣੇ ਅੰਦਰ ਦੀ ਮੱਛੀ ਨੂੰ ਪਛਾਨਣਾ ਸਾ, ਤੇ ਨਾ ਤੁਹਾਂ ਕਦਿ ਬੰਦੇ ਹੋਣ ਤੋਂ ਆਜ਼ਾਦ ਹੋਵਣਾ ਸਾ।

ਸੋ ਸਾਥੀ, ਤੁਸੀਂ ਓਹ ਮੱਛੀ ਹੋ, ਜਿਸ ਨੇ ਵਾਪਿਸ ਸਮੁੰਦਰ ਵੱਲ ਦਾ ਸਫ਼ਰ ਆਰੰਭਣਾ ਏ। ਆਪਣੇ ਮਨ ਚ ਓਹ ਸਮੁੰਦਰ ਧਿਆਓ ਜਿਸ ਚ ਕੋਈ ਦਿਸ਼ਾ ਨਹੀਂ ਹੋਵੰਦੀ। ਨਿੱਤ ਦਿਹਾੜੀ ਖੱਬੇ ਤੇ ਸੱਜੇ ਪਾਸੇ ਨੂੰ ਕੱਟਣੇ ਪੈਵੰਦੇ ਮੋੜਾਂ ਦਾ ਦੁਖ ਨਾ ਕਰੋ, ਸਭ ਨਦੀਆਂ ਸਮੁੰਦਰ ਚ ਹੀ ਜਾ ਪੈਵੰਦੀਆਂ ਨ, ਜੇ ਤੁਸੀ ਕੋਈ ਚੰਗੇ ਤਾਰੂ ਹੋਵੋ। ਦੱਬ ਕੇ ਭਾਂਡੇ ਮਾਂਜੋ। ਜੋ ਕਹਿਣਾ ਚਾਹੀਦਾ ਏ ਓਸ ਤੋਂ ਪੁੱਠਾ ਆਖੋ, ਤੇ ਜੋ ਵੀ ਗ਼ਲਤ-ਮਲ਼ਤ ਤੁਹਾਂ-ਨੂੰ ਕਰਨ ਲਈ ਕਿਹਾ ਗਿਆ ਏ, ਓਹ ਚੰਗੇ ਤੋਂ ਵੀ ਚੰਗਾ ਕਰ ਕੇ ਵਿਖਾਲੋ।

ਗੱਲ ਪੱਤਾਗੋਭੀ ਧੋਣ ਦੀ ਨਹੀਂ,‘ਕੱਲੇ-ਕੱਲੇ ਪੱਤੇ ਨੂੰ ਫੜ-ਫੜ ਕੇ ਧੋਣ ਦੀ ਏ ਤਾਂ ਜੋ ਦਿਮਾਗ ਚ ਰੂੜੀਵਾਦ ਦਾ ਪੌਧਾ ਜੜ ਹੀ ਨਾ ਫੜ ਸਕੇ।

ਮੇਰਾ ਭਾਸ਼ਣ ਸੁਣ ਕੇ ਮੇਰੀਆਂ ਲੱਤਾਂ ਬਾਹਵਾਂ ਦੇ ਹੰਝੂ ਵਹਿ ਤੁਰੇ, ਤੇ ਓਨ੍ਹਾਂ ਨੇ ਘੁੱਟ ਕੇ ਇਕ ਦੂਜੀ ਨੂੰ ਗਲ਼ ਨਾਲ ਲਾ ਲਿਆ। x।y ਨੇ ਆਪਣੇ ਜਜ਼ਬਾਤਾਂ ਦੇ ਉਬਾਲ਼ ਨੂੰ ਹਮੇਸ਼ਾਂ ਵਾਂਙ ‘ਸਲੀਕੇ’ ਹੇਠਾ ਲੁਕੋ ਰੱਖਿਆ। ਸਭ ਨੇ ਕਿਸੇ ਨੂੰ ਵੀ ਅੱਗੋਂ ਕੁਝ ਵੀ ਨਾ ਕਹਿਣ ਦੇ ਫ਼ੈਸਲੇ ‘ਤੇ ਸਹਿਮਤੀ ਜਤਾਈ, ਤਾਂ ਜੋ ਸਾਰੀ ਗੱਲ ਕਿਸੇ ਸ਼ੱਕ ਤੱਕ ਹੀ ਰੱਖੀ ਜਾ ਸਕੇ।

The question is whether to ask Leanne.

Three cats have three answers. x|y have their own objections. The narrator, unable to decide, turns the problem into a doctrine.

Soon, not asking becomes a principle, then a revolution, then a return to the sea.

It may be getting slightly out of hand.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments

←Previous | Index | Next →