MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

19. ਦਕਾਤ੍ਰੀ ਬੁਖ਼ਾਰ| Cartesian Fever

Comic version of Portrait of the French philosopher and mathematician René Descartes by Frans Hals
ਕਿਸੇ ਨੂੰ ਮਿਆਦੀ ਬੁਖ਼ਾਰ ਚੜ੍ਹਿਆ ਹੋਵੇ ਤਾਂ ਡਾਕਟਰ ਘੱਟ ਬੋਲਣ ਤੇ ਆਰਾਮ ਕਰਨ ਦੀ ਸੁਲਾ ਦੇਵੰਦੇ ਨ। ਪਰ ਜੇ ਬੁਖ਼ਾਰ ਦਕਾਤ੍ਰੀ ਹੋਵੇ ਤਾਂ ਇਹ ਦੋਵ੍ਹੇਂ ਕੰਮ ਕਰਨੇ ਬਹੁੰ ਔਖੇ ਹੋਵੰਦੇ ਨ। ਇਸ ਬੁਖ਼ਾਰ ਦੇ ਜਰਾਸੀਮ ਸਿਰ ਚੜ੍ਹ ਬੋਲਦੇ ਨ, ਤੇ ਆਪਣੀ ਗੱਲ ਕਹਿ ਕਿ ਹੀ ਹਟਦੇ ਨ। ਕਈ ਲੋਕ ਠੀਕ ਹੋ ਕੇ ਵੀ ਠੀਕ ਨਹੀਂ ਹੋਵੰਦੇ, ਯਾਨੀ ਬੁਖ਼ਾਰ ਤਾਂ ਲੱਥ ਜਾਵੰਦਾ ਏ ਪਰ ਬੰਦਾ ਹੀ ਤੁਰਦਾ-ਫਿਰਦਾ ਜਰਾਸੀਮ ਬਣ ਜਾਵੰਦਾ ਏ। ਹੁਣ ਪੂਰੇ ਦੇ ਪੂਰੇ ਖ਼ਰਾਬ ਬੰਦੇ ਦਾ ਕੀ ਕਰੋਗੇ?

ਨਿੱਕੇ ਹੋਂਦਿਆਂ ਮੇਰੇ ਨਾਲ਼ ਦਕਾਤ੍ਰੀਆਂ ਦਾ ਮੁੰਡਾ ਪੜ੍ਹਦਾ ਸਾ, ਜਿਹਨੂੰ ਮੈਂ ਸਵਾਹਾ ਚ ‘ਗੋਲਡੀ’ ਦੱਸਿਆ ਸਾ। ਵੱਡਿਆਂ ਹੋ ਕਿ ਮੈਂ-ਨੂੰ ਪਤਾ ਲੱਗਿਆ ਕਿ ਓਹ ਤੁਰਦੀ-ਫਿਰਦੀ ਬਿਮਾਰੀ ਦੀ ਪੁੜੀ ਸੀ। ਓਦ੍ਹਾ ਵੱਡਿਆਂ ਹੋ ਕਿ ਕੀ ਬਣਿਆ,? ਮੈਂ ਨਹੀਂ ਜਾਣਦਾ— ਪਰ ਮੇਰਾ ਜੋ ਬਣਿਆ, ਓਸ ਤੋਂ ਪਤਾ ਲਗਦਾ ਸਾ ਕਿ ਜਰਾਸੀਮ ਮੇਰੇ ‘ਤੇ ਵੀ ਮੰਤ੍ਰ ਫੇਰ ਗਏ ਸਨ। ਮੈਂ ਮੁਰਗਾਬੀਆਂ ਉਡਾਵੰਦਾ ਵਾਂ, Leanne ਦੇ ਭੇਜੇ ਕਬੂਤਰਾਂ ਨੂੰ ਦਾਣਾ ਪਾਵੰਦਾ ਵਾਂ। ਰਸੋਈ ਦੇ ਐਨ ਵਿਚਕਾਰ ਬਣੇ island ਤੇ ਤਖ਼ਤ ਰਖਵਾ Leanne ਨੂੰ ਆਪਣੀ ਗੋਦੀ ਚੜ੍ਹ ਲੈਣ ਦੇਵੰਦਾ ਵਾਂ। ਗੋਦੀ ਬੈਠੀ ਦੀ ਧੋਣ ਚ ਦੰਦ ਗੱਡ ਲੈਵੰਦਾ ਵਾਂ, ਤੇ ਪਤਾ ਲੱਗ ਜਾਵਣ ‘ਤੇ ਮੁਆਫ਼ੀ ਮੰਗ ਲੈਵੰਦਾ ਵਾਂ।

Porcelain plate
ਪਰ ਜੇ ਚੀਜ਼ਾਂ “ਪਤਾ ਹੋਣ ਕਰਕੇ” ਹੋਵੰਦੀਆਂ ਨੇ, ਤਾਂ ਫਿਰ ਓਹ ਚੀਜ਼ਾਂ ਤਾਂ ਨਹੀਂ ਨਾ ਹੋਈਆਂ, ਓਨ੍ਹਾ ਦਾ ਪਤਾ ਹੀ ਹੋਇਆ? ਮੈਂ ਇਹ ਨਹੀਂ ਆਖਦਾ ਕਿ ਪਤੇ-ਪੁਤੇ ਚ ਕੁਸ ਨਹੀਂ ਹੋਵੰਦਾ। ਸਗੋਂ ਪਤਾ ਵੀ ਤਾਂ ਕਿਸੇ ਚੀਜ਼ ਦਾ ਹੀ ਹੋਵੰਦਾ ਏ, ਓਸ ਮੁਰਗਾਬੀਆਂ ਬੜੇ ਆਰਾਮ ਨਾਲ਼ adjust ਕੀਤੀਆਂ ਜਾ ਸਕਦੀਆਂ ਨ। ਅਸੀਂ ਸਾਰੇ ਜੇ ਕੁਝ ਨਾ ਕੁਝ adjust ਹੀ ਕਰ ਸਕਦੇ ਹਾਂ, ਤਾਂ ਕਿਓਂ ਨਾ ਕੁਝ ਚੰਗਾ adjust ਕਰੀਏ? ਮੇਰੇ ਸਿਰ ਚ ਟਟੀਹਰੀਆਂ ਆਂਡੇ ਦੇਵੰਦੀਆਂ ਨ, ਤੇ ਮੈਂ ਇਤ-ਥਾਂ ਮੁਰਗਾਬੀਆਂ ਉਡਾਵਣ ਦਾ ਕੰਮ ਕਰਦਾ ਵਾਂ, ਓਹ ਵੀ ਇਕ ਉੱਡਣ ਵਾਲ਼ੀ ਜਨਾਨੀ ਦੀ ਰਹਿਨੁਮਾਈ ਚ। ਹੋਰ ਦੱਸ ਕੀ ਭਾਲਦੀ?

ਤੇਰੇ ਸਿਰ ਚ ਕੌਣ, ਕੌਣ ਏ, ਤੇ ਕੀ, ਕੀ ਏ,? Leanne ਪੁੱਛਦੀ ਏ

ਇਹ ਕਦੋਂ ਦੀ ਗੱਲ ਏ, ਇਸ ਬਾਰੇ ਬਾਅਦ ਚ ਦਸਦਾ ਵਾਂ, end ਦੇ ਨੇੜ੍ਹੇ ਜਾ ਕੇ, ਅਜੇ ਬੱਸ ਸੁਣੋ

ਸਿਰ-ਬੁਖ਼ਾਰ ਮੈਂ metaphorically ਆਖ ਰਿਹਾਂ, ਪਰ ਇਸ ਨੂੰ ਤੁਸੀਂ literally ਵੀ ਲੈ ਸਕਦੇ ਓ— ਪਰ ਗੱਲ ਓਹੀ ਏ। ਸੋਚ ਕੇ ਬੀਤੇ ਚੋਂ ਕੁਝ ਕੱਢ ਲਿਆਵਣਾ ਕਿਸੇ ਬਿਮਾਰੀ ਨਹੀਂ ਤਾਂ ਹੋਰ ਕੀ ਏ?। ਸਮਾਂ ਮਣਿ ਹੋਵੰਦਾ ਏ, ਕਹੀ-ਸੁਣੀ ਬਦਲਦੀ ਏ ਤੇ ਸ਼ਕਲਾਂ ਵੀ। ਜਿਵੇਂ ਲੱਖ ਚੇੱਤਾ ਰੱਖੋ, ਕੁਝ ਲੋਕਾਂ ਦੇ ਨੈਣ-ਨਕਸ਼ ਕਦਿ ਧੁੰਦਲੇ ਪੈ ਜਾਵੰਦੇ ਨ, ਤੇ ਕਦਿ ਹੋਰ ਦੇ ਹੋਰ ਹੀ ਬਣ ਜਾਵੰਦੇ ਨ। ਜਿਵੇਂ ਸੋਚਣਾ ਕਿਸੇ ਹੋਰ ਤਰ੍ਹਾਂ ਦਾ ਜੀਵਨ ਹੋਵੇ। ਜੋ ਹੈ ਸੀ ਤੇ ਜੋ ਹੈ ਵੇ; ਓਸ ਸਭ ਤੋਂ independent timeline। ਮੈਂ ਓਨ੍ਹਾਂ ਨਾਲ਼ ਛੇੜਖਾਨੀ ਕਰ ਰਿਹਾ ਵਾਂ। ਤੇਰੇ-ਮੇਰੇ ਚ ਕੁਝ ਨਹੀਂ ਬਦਲਿਆ, ਮੈਂ ਬੱਸ ਸਮੇਂ, ਥਾਵ੍ਹਾਂ, ਤੇ ਲੋਕਾਂ ਨੂੰ ਆਪਸ ਚ ਮਿਲਵਾ ਰਿਹਾਂ। ਤੁਸਾਂ ਆਖਿਆ ਸਾ ਕਿ ਹੋਰ ਚੀਜ਼ਾਂ ਵਿਖਾਲ, ਮੈਂ ਓਹੀ ਵਿਖਾਲਦਾ ਵਾਂ। ਸਵਾਲ ਪੁੱਛ-ਪੁੱਛ ਕੇ ਤੰਗ ਨਾ ਕਰੋ। ਸੁਣੋ। ਜੇ ਤੁਸੀਂ ਮੇਰਾ ਸਿਰ ਹੋਵੋ ਤਾਂ: ਆਪਣੇ ਸੱਜੇ-ਖੱਬੇ ਵੇਖੋ ।

Tabled Prose comparing Then and Now
ਖੱਬੇ ਬੰਨੇ ਮੈਂ ਰੋਹੜੂ ਦੇ ਕੰਢੇ ਘਾਹ ‘ਤੇ ਲੰਮਾ ਪਿਆ ਵਾਂ, ਤੇ ਸੱਜੇ ਬੰਨੇ ਹੁਣ ਤੁਸਾਂ ਨਾਲ਼ ਬੈਠਿਆ coffee ਪੀ ਰਿਹਾ ਵਾਂ। ਜਦੋਂ ਤੁਹਾਡੇ ਨਾਲ਼ ਖੱਬੇ ਬੰਨੇ ਵੇਖਦਾ ਵਾਂ, ਤਾਂ ਖੱਬਾ ਬੰਨਾ ਸੱਜੇ ਚ ਆਣ ਵਜਦਾ ਏ। ਇਤ-ਥਾਂ ਓਪਰੀਆਂ ਸ਼ੈਆਂ ਪਹਿਲੀ ਵਾਰ ਇਕ-ਦੂਜੇ ਨੂੰ ਮਿਲਦੀਆਂ ਨ, ਤੇ ਕੋਈ ਸਾਂਝੀ ਬੁਣਤੀ ਬੁਨਣ ਬਹਿ ਜਾਵੰਦੀਆਂ ਨ, ਜਿਵੇਂ ਮੈਂ-ਤੇ-ਤੁਸੀਂ ਹੁਣ ਕਰ ਰਹੇ ਵਾਂ। ਗੁਣ-ਗੁਣ, ਬੁਣ-ਬੁਣ, ਬੁੜ-ਬੁੜ।

ਇਹ ਦਕਾਤ੍ਰੀ ਬੁਖ਼ਾਰ ਚ ਬੁਣਿਆ ਸਵੈਟਰ ਏ ਜਿਦ੍ਹੀ ਕੋਈ ਤੰਦ ਹੁਣ ਦੀ ਏ, ਤੇ ਕੋਈ ਹੋਰ ਸਮਿਆਂ ਤੇ ਹੋਰ ਲੋਕ-ਪਰਲੋਕਾਂ ਦੀ। ਬੰਦਾ ਆਪਣੀ ਹੀ ਘੜੀ ਕਹਾਣੀ ਹੋਵੰਦਾ ਏ, ਤੇ ਇਹ ਗੱਲ ਮੇਰੇ ਸਿਰ ਚ ਦਕਾਤ੍ਰੀਆਂ ਦੇ ਮੁੰਡੇ (ਗੋਲਡੀ) ਨੇ ਪਾਈ ਸੀ। ਦਸਦੇ ਨ ਓਨ੍ਹੇਂ ਰਾਤ-ਬਰਾਤੇ ਰੋਹੜੂ ਪਾਣੀ ਟੱਪਿਆ ਸਾ, ਪਰ ਕਿਸੇ ਹਾਲ਼ੇ ਬਚ ਕਿ ਪਿੰਡ ਮੁੜ੍ਹ ਆਇਆ ਸਾ। ਓਹ ਵੇਖਣ ਨੂੰ ਪਹਿਲੋਂ ਜਿਹਾ ਹੀ ਲਗਦਾ ਸਾ ਤੇ ਮੇਰੇ ਨਾਲ਼ ਓਦ੍ਹੀ ਆੜੀ ਵੀ ਲਗਭਗ ਪਹਿਲੇ ਵਰਗੀ ਹੀ ਰਹੀ, ਪਰ:

ਓਹ ਸਾਰੀ ਰਾਤ ਕਿਸੇ x|y ਨਾਲ਼ ਫ਼ੋਨ ‘ਤੇ ਗੱਲਾਂ ਕਰਦਾ ਰਹਿੰਦਾ ਸਾ। ਓਦ੍ਹੇ ਘਰ ਦੇ ਓਨੂੰ ਪਿੰਡ ਦੇ ਕੰਪੋਡਰ ਕੋਲ਼ ਲੈ ਗਏ ਤਾਂ ਓਹ-ਨੇ ਦੱਸਿਆ ਕਿ ਤੁਹਾਡੇ ਮੁੰਡੇ ਦੀ ਅੱਖ ਚ ਤੁਨਕਾ ਏ, ਤੇ ਏਹ-ਨੂੰ ਦੋ-ਦੋ ਦਿਹੰਦੇ ਨ। ਓਹ-ਨੇ ਅੱਖਾਂ ਚ ਪਾਵਣ ਵਾਲ਼ੀ ਦਵਾਈ ਦਿੱਤੀ ਤੇ ਆਖਿਆ ਕਿ ਰਾਤ ਨੂੰ ਜਦੋਂ ਇਹ ਫ਼ੋਨ ‘ਤੇ x|y ਨਾਲ਼ ਗੱਲਾਂ ਕਰੇ, ਤਾਂ ਓਹਨਾਂ ਗੱਲਾਂ ਨੂੰ ਚੋਰੀ ਸੁਣੋ ਤੇ ਲਿਖ ਰੱਖੋ। ਮਹੀਨੇ ਕੁ ਤੱਕ ਵੇੱਖੋ ਫ਼ੋਨ ਕਾਲ ਕਿੰਨੀ ਕੁ ਦੇਰ ਤੱਕ ਚਲਦੀ ਏ। ਜੇ ਇਹ ਦਵਾਈ ਦਿਨ ਚ ਤਿੰਨ ਕੁ ਵਾਰ ਪਾਵੋਗੇ ਤਾਂ ਇਕ-ਦੋ ਮਹੀਨੇ ਚ ਫ਼ੋਨ ਆਣੇ ਆੱਪੇ ਬੰਦ ਹੋ ਜਾਣਗੇ।

ਓਦ੍ਹੇ ਘਰਦਿਆਂ ਨੇ ਓਹੀ ਅੱਖਾਂ ਚ ਦਵਾਈ ਪਾਈ, ਚੋਰੀ-ਛੁਪੇ ਓਦ੍ਹੇ ਫ਼ੋਨ ‘ਤੇ ਗੱਲਾਂ ਸੁਨਣ ਵਾਲ਼ੀ App. ਚਾੜ੍ਹੀ, ਤੇ ਸੌਂ ਗਏ। ਅਗਲੇ ਦਿਨ ਓਨ੍ਹਾਂ ਫ਼ੋਨ ਕਾਲ਼ ਦੀ ਰਿਕਾਰਡਿੰਗ ਸੁਣੀ:

x|y : ਹਲੋ? Are you there?

ਮੁੰਡਾ:ਮੈਂ ਹੈ ਵਾਂ, ਤਾਂ ਹੀ ਤਾਂ ਆਇਆ ਵਾਂ। ਤੁਸੀਂ ਆਏ ਹੋ -ਤਾਂ ਤੁਸੀਂ ਭੀ ਜ਼ਰੂਰ ਹੋਵੋਗੇ। ਮੈਨੂੰ ਲਗਦਾ ਸਾਡੇ ਹੋਵਣ ਨੂੰ ਬਹੁਤ ਖ਼ਤਰਾ ਏ, ਤੇ ਸਾਨੂੰ ਕੁਝ ਕਰਨਾ ਚਾਹੀਦਾ ਏ।

x|y : ਹੋਵਾਂਗੇ, ਤਾਂ ਹੀ ਤਾਂ ਹੈ ਵਾਂ। ਖ਼ਤਰਾ ਵੀ ਜੇ ਹੋ ਗਿਆ ਏ, ਤਾਂ ਉਹ ਵੀ ਜ਼ਰੂਰ ਹੋਣਾ ਵੈ।

ਮੁੰਡਾ: ਵਿਚਲ਼ੀ ਗੱਲ ਕੁਝ ਹੋਰ ਵੀ ਹੋ ਸਕਦੀ ਏ।

x|y : ਹਾਂ, ਜੇ ਓਹ ਵੀ ਹੋ ਗਈ ਏ, ਤਾਂ ਜ਼ਰੂਰ ਹੋ ਗਈ ਹੋਣੀ ਏ।

ਮੁੰਡਾ: ਤੁਹਾਂ-ਨੂੰ ਕੀ ਲਗਦਾ ਏ, “ਹੈ-ਕੀ”?

x|y : ਮਤਲਬ? ‘ਹੈ’ ਕੀ ਜਾਂ ‘ਹੈ-ਕੀ’?

ਮੁੰਡਾ: “ਹੈ-ਕੀ”।

x|y : ਮੇਰਾ ਖਿ਼ਆਲ ਏ, ਇਹ ਸਿਰਫ਼ ਤੁਹਾਡਾ ਖਿ਼ਆਲ ਏ ।

ਮੁੰਡਾ: ਮੇਰੇ ਸਿਰ ਚ ਏ?

x|y : ਹਾਂ।

ਮੁੰਡਾ: ਤੁਹਾਨੂੰ ਕਿੰਝ ਕਰ ਪਤਾ ਏ? ਤੁਸੀਂ ਮੇਰੇ ਸਿਰ ਚ ਓ?

x|y : ਹਾਂ।

ਮੁੰਡਾ: ਮੇਰੇ ਘਰ ਦਿਆਂ ਨੂੰ ਸ਼ੱਕ ਪੈ ਗਿਆ ਏ, ਐਵੇਂ ਹੋਮੋਪੈਥੀ ਜਿਹੀ ਮੇਰੀਆਂ ਅੱਖਾਂ ਚ ਪਵਾ ਲਿਆਏ ਨ।

x|y : ਕੋਈ ਨਾ, ਸਰੀਰ ਨੂੰ ਪੈ ਜਾਵੰਦੀਆਂ ਹੋਵੰਦੀਆਂ ਨੇ ਕਦਿ-ਕਦਿ।

ਮੁੰਡਾ: ਸਰੀਰ ਦਾ ਕੋਈ ਨਹੀਂ, ਓਦ੍ਹੇ ਤਾਂ ਘੜੀ ਦੀ ਪੀੜ ਹੀ ਏ, ਤੁਸੀਂ ਆਪਣੀ ਥਾਂ ਬੈਠੇ ਓ। ਪੈਵੰਦੀਆ ਤਾਂ ਮੇਰੇ ਨੇ।

x|y : ਤੁਸੀਂ ਨਿਗੇਟਿਵ ਨਾ ਸੋਚਿਆ ਕਰੋ।

ਮੁੰਡਾ: ਸਕੀਮ ਤੁਹਾਡੀ ਸੀ ਮੇਰੀ ਨਹੀਂ, ਤੁਸਾਂ ਸੋਚਵਾਇਆ ਸਾ। ਠੀਕ ਸੋਚਣ ਦੀ ਕੋਸਿ਼ਸ਼ ਕਰੋ, ਮੈ-ਨੂੰ ਬਹੁਤ ਕੁਝ ਮੈਨੇਜ ਕਰਨਾ ਪੈਵੰਦਾ ਏ।

x|y : Problem ਸਰੀਰ ਦੀ ਏ, ‘ਕੱਲੇ ਮੇਰੇ ਹੱਥ-ਵਸ ਹੋਵੰਦਾ ਤਾਂ ਗੱਲ ਹੀ ਕੀ ਸੀ।

ਮੁੰਡਾ: ਮੈਂ-ਨੂੰ ਤਾਂ ਤੁਹਾਡੇ ਕੋਲ਼ੋਂ ਵੀ ਖਤਰਾ ਲਗਦਾ ਏ, ਮੇਰੇ ਸਰੀਰ ਦੇ ਹੀ ਫੱਟੇ ਚੁੱਕਣ ਨੂੰ ਫਿਰਦੇ ਓ। ਮੈਂ ਵੀ ਇਸ ਤੋਂ ਪਰੇਸ਼ਾਨ ਵਾਂ ਪਰ ਜੇ ਇਕ ਗਿਆ, ਤਾਂ ਕਿਸੇ ਨੇ ਨਹੀਂ ਬਚਣਾ।

x|y : ਗੱਲ ਤੁਸਾਂ ਦੀ ਵੀ ਠੀਕ ਏ, ਸਾਰਾ ਕੁਝ ਇਕ-ਦੂਜੇ ਦਾ baggage ਹੀ ਹੋਵੰਦਾ ਏ। ਰਲ਼-ਮਿਲ਼ ਕੇ ਹੀ ਕੁਝ ਕੀਤਾ ਜਾ ਸਕਦਾ ਏ।

ਮੁੰਡਾ: ਮੈਂ ਤਾਂ ਤੁਹਾਡੇ ਨਾਲ਼ ਕਰਨ-ਕਰਨ ਨੂੰ ਫਿਰਦਾਂ, ਤੁਸੀਂ ਹੀ ਨਹੀਂ ਮੰਨਦੇ।

x|y : (ਅੱਗੋਂ ਹੱਸਣ ਦੀ ਆਵਾਜ਼) ਮੈਂ ਜਾਣਾ ਹੁਣ। ਮੇਰੀ ਨੀਂਦ ਪੂਰੀ ਨਾ ਹੋਈ ਤਾਂ ਕੱਲ ਤੁਸੀਂ ਸਾਰੇ ਢਹਿੰਦੇ ਫਿਰੋਗੇ। Bye...

ਮੁੰਡਾ: Bye.


phone call ਸਿਰਫ਼ ਪੰਦਰਾਂ ਮਿੰਟ ਦੀ ਸੀ। ਵੈਦ ਦੀ ਦਵਾਈ ਕੰਮ ਕਰ ਰਹੀ ਸੀ।

ਮੇਰੀਆਂ ਗੱਲਾਂ ਸੁਣਦੀ-ਸੁਣਦੀ Leanne ਸੌਂ ਗਈ। Coffee ਪੀ ਕੇ ਮੈਂ-ਨੂੰ ਨੀਂਦ ਨਹੀਂ ਆਵੰਦੀ। ਚਲੋ, Leanne ਨੂੰ ਆਪਣਾ ਪਿੰਡ ਵਿਖਾਲਿਆ, ਹੁਣ ਤੁਹਾਨੂੰ Leanne ਬਾਰੇ ਦਸਦਾ ਵਾਂ।

ਰੁਕੋ, story redial ਕਰ ਲੈਣ ਦਿਓ:

The fever moves from the body into the story.

Past and present begin sitting beside each other, and the narrator starts moving people, places, and times around as though they were pieces of the same conversation.

The chapter pauses to ask who is where, who is speaking, and whether any of it needs to be settled.

It doesn't.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →