28. ਪਰਨਾਲ਼ਾ ਓਥੇ ਦਾ ਓਥੇ | No End in sight
ਅਗਲੇ ਦਿਨ foodbank ਜਾਵੰਦਿਆਂ:ਰਾਤੀਂ ਸਭਨਾਂ ਨੂੰ ਅੰਞ ਹਰਸ ਕਰਦਿਆਂ ਵੇਖ ਮੈਂ ਰਤਾ ਉਦਾਸ ਗਿਆ। Bleach ਵਾਲ਼ੇ ਭਾਂਡੇ ਧੋ-ਧੋ ਮੇਰੀਆਂ ਉਂਗਲਾਂ ਚਿੱਟੀਆਂ ਹੋ ਗਈਆਂ ਸਨ। ਇਕ ਲੱਤ ਦੂਜੀ ਨਾਲ਼ ਨਹੀਂ ਸੀ ਰਲ਼ਦੀ, ਤੇ ਸਿਰ ਚ ਜੰਗਲ ਉੱਗ ਆਇਆ ਸਾ। ਏਨ੍ਹਾਂ ਕੋਲ਼ੋਂ ਰੋਜ਼ ਜਨੌਰਾਂ ਵਾਂਙ ਕੰਮ ਲੈਵੰਦਾ, ਝੂਠੇ ਲਾਰੇ ਲਾਵੰਦਾਂ, ਵਾਅਦੇ ਕਰਦਾ ਵਾਂ। ਜੋ ਮੈਨੂੰ ਕਰਨਾ ਚਾਹੀਦਾ ਏ, ਬਸ ਓਹੀ ਨੀ’ ਕਰਦਾ। ਤਾਂ ਹੀ ਇਹ ਆਖਦੇ ਨ ਕਿ ਮੈਂ ਤਾਂ ਕੋਈ ਮਾਠਾ building manager ਵਾਂ, ਜਿਹੜਾ ਬੱਸ ਪੈਸੇ ਲੈਣ ਵੇਲ਼ੇ ਹੀ ਲੱਭਦਾ ਏ। ਨਾਲ਼ੇ ਜੇ ਅੱਜ ਜੇ ਕੋਈ ਗ਼ੈਰਜਿ਼ਮੇਂਦਾਰਾਨਾ ਹਰਕਤ ਹੋਈ, ਤਾਂ ਨੋਟਿਸ ਆਇਆ ਲਓ।
ਅੱਜ ਮੈਂ foodbank ਚ ਕੁਝ ਕਰ ਕੇ ਵਾਪਿਸ ਘਰ ਮੁੜਨਾ ਏ ਜਾਂ ਮੁੜਨਾ ਹੀ ਨਹੀਂ। ਅੱਜ ਫਿਰ ਜੇ Leanne ਨੇ ਮੇਰੀ ਪਿੱਠ ਨੂੰ ਛੇੜਿਆ ਤਾਂ ਮੈਂ ਫੋਰਨ ਓਸ ਵੱਲ ਮੁੜ ਕੇ ਆਪਣੇ ਦੰਦਾਂ ਨਾਲ਼ ਓਹ-ਦੀ ਜੀਭ ਫੜ ਲੈਣੀ ਏ। Leanne ਮੈਂ-ਤੋਂ ਤਕੜੀ ਏ। ਮੇਰੇ ਭਾਰ ਦੇ ਬਰੋਬਰ ਦੋ-ਦੋ ਬੋਰੇ ਮੋਢਿਆਂ ਪਰ ਚੁੱਕ ਕੇ ਫਿਰਦੀ, ਲੰਘਦੀ-ਲੰਘਦੀ ਮੈਨੂੰ ਲੱਕ ਵੀ ਮਾਰ ਜਾਵੰਦੀ ਏ। ਹੋ ਸਕਦਾ ਏ ਅੱਜ ਓਹ ਮੈਨੂੰ ਢਾਹ ਹੀ ਲਵੇ? ਖਵਰੇ ਹੱਥ ਹੀ ਮੂੰਹ ਚ ਪਾ ਲਵੇ? ਮੇਰੀ ਮਰਦਾਨਗੀ ਬੜੇ ਖਤਰੇ ਚ ਵੈ। ਐਸੇ ਜਨੌਰ ਨੂੰ coffee ਲਈ ਕਿੰਝ ਕਰ ਪੁੱਛਿਆ ਜਾਸੀ?
ਖਵਰੇ ਦਲੇਰੀ ਸੁਹਣੇ ਲੋਕਾਂ ਨੂੰ ਕੁਝ ਪੁੱਛ ਲੈਣ ਦੀ ਹਿੰਮਤ ਨੂੰ ਹੀ ਆਖਦੇ ਨ? ਕਿਸੇ ਨੂੰ ਪਿਆਰ ਕਰ ਬੈਠਣ ਨਾਲ਼ੋਂ ਵੱਧ ਬਹਾਦਰੀ ਦਾ ਕੰਮ ਕੀ ਹੋ ਸਕਦਾ ਏ? ਪਿਆਰ ਬਾਰੇ ਕੁਝ ਵੀ ਕਿਹਾ ਜਾ ਸਕਦਾ ਏ। ਇਹ ਜਦੋਂ ਹੋਵੰਦਾ ਏ, ਤਾਂ ਮੰਨ ਲਓ ਹੋ ਗਿਆ ਏ। ਦੂਜੇ ਦੀ ਸਲਾਹ ਦੀ ਕੋਈ ਲੋੜ੍ਹ ਨਹੀਂ ਹੋਵੰਦੀ। ਦੱਸਣਾ ਏ- ਦੱਸੋ, ਭਾਵੇਂ ਨਾ। ਕੁਝ ਕਰਨ-ਨਾ ਕਰਨ ਨਾਲ਼ ਇਹ ਘੱਟ-ਵੱਧ ਨਹੀਂ ਹੋਂਦਾ। ਬਾਕੀ ਸਭ ਤਾਂ arrangement ਏ, ਚੰਗਾ ਹੋ ਜਾਵੇ ਤਾਂ ਭਲ਼ਾ- ਨਹੀਂ ਤਾਂ ਭੁਗਤੋ। ਸਗੋਂ ਵੇਖੋ! ਕੋਈ ਅਸਰ ਦਾ ਵੀ ਸੁਹਣਾ ਹੋਵੇ ਤੇ ਸ਼ਕਲੋਂ ਵੀ- ਐਸੇ ਇਨਸਾਨ ਦੀ ਦੌਲਤ ਤੋਂ ਸਾੜਾ ਕਰਨ ਦੀ ਬਜ੍ਹਾ-ਏ ਓਹ-ਦਾ ਸੰਗ ਪੁੱਛ ਲੈਣਾ ਚਾਹੀਏ।
ਮੈਂ ਆਪਣੇ ਆਪ ਨੂੰ ਆਖਿਆ , ਆਪਣੇ ਵੱਲ ਵੇਖ! ਨਾ ਸਿਰ ‘ਤੇ ਵਾਲ਼ ਤੇ ਨਾ ਸਿਰ ਥੱਲੇ ਸਰੀਰ। ਬਸ ਅਸਰ ਹੀ ਅਸਰ ਏ, ਓਹ ਵੀ ਵਰਤਨ ਦਾ ਚੱਜ ਨਾਹੀਂ। ਪੁੱਛ ਲੈ। ਜਿਹੜਾ ਤੇਰੇ ਕਰਨ ਵੱਲ਼ਾ ਕੰਮ ਏ, ਕਰ। ਤੂੰ ਕੋਈ ਮਾਠਾ building manager ਨਹੀਂ, ਜਿਹ-ਨੂੰ ਕਦਿ ਕਿਸੇ ਨੇ ਵੇੱਖਿਆ ਹੀ ਨਹੀਂ। ਅੱਜ ਦੰਦਾਂ ਨਾਲ਼ ਜੀਭ ਫੜ ਕੇ ਵਿਖਾਲ, ਭਾਵੇਂ ਆਪਣੀ ਹੀ ਫੜ। ਪਹਿਲੇ ਕੁਝ ਪਲ਼ ਸਭਨਾਂ ਨੂੰ ਕੋਈ ਮਜ਼ਾਕ ਲੱਗਣਾ ਏ। ਜਦ ਤੱਕ security ਨੇ ਪੁੱਜਣਾ ਏ, ਤੂੰ ਅੱਧੀ Leanne ਖਾ ਲਈ ਹੋਣੀ ਏ। ਅੱਜ ਤੂੰ, ਤੇਰੇ ‘ਤੇ ਨਿਰਭਰ ਤੇਰੇ ਹੱਥਾਂ-ਪੈਰਾਂ ਨਾਲ਼ ਵਾਅਦਾ ਕੀੱਤਾ ਏ ਕਿ ਪਹਿਲਾਂ ਏਨ੍ਹਾਂ ਨੂੰ ਭੋਗ ਲੱਗੇਗਾ, ਭਾਂਡੇ ਫੇਰ ਧੋਤੇ ਜਾਣਗੇ। Why should you not have a plate full for a starter?
ਮੇਰਾ ਸ਼ੱਕ ਸਹੀ ਸਾ, ਮੇਰਾ ਸਾਰਾ ਸਰੀਰ ਮੇਰੇ ਖਿ਼ਲਾਫ਼ ਰਲਿ਼ਆ ਹੋਵਿਆ ਸਾ। ਇਨ੍ਹਾਂ ਨੇ ਮੇਰੀ ਰੋਟੀ ਚ ਕੁਝ ਰਲ਼ਾ ਦਿੱਤਾ ਸਾ ਜਿਸ ਕਰਕੇ ਮੈਂ ਜਦੋਂ ਵੀ “ਆਪ” ਕੁਝ ਸੋਚਣ ਲਗਦਾ ਸਾਂ, ਮੇਰਾ ਸਾਰਾ ਸਰੀਰ ਜਾਮ ਹੋ ਜਾਵੰਦਾ ਸਾ।
ਜੈਸੇ ਹੀ ਇਹ ਗਿਆਨ ਮੈਂ-ਨੂੰ ਅਹੁੜਿਆ, ਮੇਰਾ ਸਾਰਾ ਸਰੀਰ ਜੜ੍ਹ ਹੋ ਗਿਆ। ਮੈਨੂੰ ਤਦ ਪਤਾ ਲੱਗਿਆ ਜਦੋਂ ਮੇਰੇ ਪਿੱਛੇ ਤੁਰਨ ਵਾਲ਼ੇ ਸਭ ਮੈਥੋਂ ਅੱਗੇ ਲੰਘ ਗਏ, ਮੇਰਾ foodbank ਹੀ ਨਾ ਆਵਿਆ ਕਰੇ। ਮੇਰੇ ਪਿੰਡੇ ਦਾ ਬੋਹੜ ਬਣ ਗਿਆ। ਮਖਾਂ ਕੀ ਹੋਇਆ, ਤੁਰਦਾ ਕਿਓਂ ਨਹੀਂ?
x|y: ਗੱਲ ਸੁਣ।
- a). ਜਿਵੇਂ ਕਿਸੇ ਦੇ ਆਂਡੇ ਖਾਵਣਾ ਭੁੱਖ ਦਾ ਮਸਹਲਾ ਹੋ ਸਕਦਾ ਏ, ਪਰ ethically ਬਿਲਕੁਲ ਵੀ ਚੰਗਾ ਨਹੀਂ ਲਗਦਾ, ਓਸ-ਹੀ ਨੁਕਤੇ ‘ਪਰ, ਕੋਈ ਸੁਹਣਾ ਲੱਗੇ ਤਾਂ ਓਹ-ਨੂੰ ਖਾ ਹੀ ਜਾਣਾ ਚੰਗਾ ਨਹੀਂ ਲਗਦਾ। ਭੁੱਖ ਲੱਗੀ ਹੋਵੇ ਤਾਂ ਰੋਟੀ ਖਾE। ਖਾਵੰਦੇ ਲੋਕ ਸੁਹਣੇ ਲਗਦੇ ਨ।
b) ਕੰਮੋਂ ਨਿਕਲਣਾ ਏ ਤਾਂ ਕੰਮ ‘ਤੇ ਜਾਵਣਾ ਹੀ ਕਿਓਂ ?
ਗੱਲ ਤਾਂ ਇਨ੍ਹਾਂ ਦੀ ਵੀ ਠੀਕ ਏ। ਬੱਸ ਮੈਂ ਹੀ ਗਲਤ ਵਾਂ। ਥਕਾਨ ਚੜ੍ਹਨ ਲੱਗੀ ਤਾਂ shelter ਚ ਲੱਗੇ ਬੈਂਚਾਂ ‘ਤੇ ਬਹਿ ਗਿਆ। ਆਪਣੇ ਆਸੇ-ਪਾਸੇ ਵੇੱਖਿਆ। ਕੁਝ ਲੋਕ ਜੁੱਤੀ ਘਸੀਟਦੇ ਤੁਰੇ ਆਵੰਦੇ ਸਨ, ਕੁਝ ਕਦੋਂ ਦੇ ਲੰਘ ਗਏ ਸਨ। ਕੁਝ ਪੱਥਰ ਹੋ ਗਏ ਸਨ ਤੇ ਕੁਝ bus shelter ਦੇ ਅੰਦਰ ਬਣੇ ਬੈਂਚਾਂ ਪਰ ਜਾ ਬੈਠੇ ਸਨ। ਪਤਾ ਨਹੀਂ ਇਹ ਅੱਜ ਕੰਮ ‘ਤੇ ਜਾਵਣਗੇ ਜਾਂ ਨਹੀਂ? ਹੋ ਸਕਦਾ ਏ ਏਨ੍ਹਾਂ ਦੀ ਥਾਂ ਮੁੱਕ ਗਈ ਹੋਵੇ? ਕੰਮ ਮੁੱਕ ਗਏ ਹੋਣ? ਇਹ ਕਦੋਂ ਦੇ ਤੁਰ ਗਏ ਹੋਣ? ਹੋ ਸਕਦਾ ਇਹ ਕਿਸੇ ਦਾ ਸੁਫ਼ਨਾ ਹੋਵੇ? ਹੋ ਸਕਦਾ ਏ ਕੁਝ ਹੋਵੇ, ਤੇ ਕੁਝ ਨਾ ਹੋਵੇ। ਜੋ ਨਹੀਂ ਹੋਣਾ, ਓਹ ਦਿਸਣਾ ਵੀ ਨਹੀਂ। ਵੇੱਖਾਂ ਤਾਂ ਜੋ ਹੈ ਵੇ, ਓਹ ਕੀ ਵੇ?
ਮੈਂ ਆਪਣੇ ਆਲ਼ੇ-ਦੁਆਲ਼ੇ ਵੇਖਦਾਂ, ਸਭ ਰੁਕਿਆ ਪਿਆ ਸਾ, ਯੱਖ ਸਾ। ਮੈਂ ਵੇਖਣ ਦੀ ਜਿ਼ਦ ਫੜੀ ਰੱਖੀ, ਤੇ… ਵੇਖਦਾ ਰਿਹਾ
ਵੇਖਦਾ ਰਿਹਾ
ਵੇਖਦਾ ਰਿਹਾ
ਵੇਖਦਾ ਰਿਹਾ।
ਸਿਰਫ਼ ਮੇਰੇ ਵੇਖਣ ਕਾਰਨ: ਰੁਕੇ ਲੋਕ ਹੌਲ਼ੀ ਜਿਹੀ ਉੱਠੇ, ਤੇ ਪੈਰ ਘੜੀਸਦੇ- foodbank ਵੱਲ ਵਧ ਤੁਰੇ।
ਠੀਕ ਏ। ਜੇ ਅੰਦਰ ਕੋਈ ਜਨੌਰ ਹੈ ਵੇ, ਤਾਂ ਓਹ-ਨੂੰ ਤੁਰਨਾ ਵੀ ਸਿਖਾਲ਼ੋ। ਭੁੱਖ ਓਹ-ਦਾ ਪਿੰਡਾ ਵੈ। ਚੁੱਕੋ ਤੇ ਜਿਹ-ਥਾਂ ਬੱਤੀ ਜਗਦੀ ਦਿਸਦੀ ਏ, ‘ਹੋ-ਥਾਂ ਲੈ ਜਾਓ। ਲੱਤਾਂ ਚੁੱਕੋ, ਬਾਹਵਾਂ ਚੁੱਕੋ, ਹੱਥ ਚੁੱਕੋ। ਨਾ ਖਾਵਣ ਵਾਲ਼ੀਆਂ ਚੀਜ਼ਾਂ ਚੱਟੋ। ਸਭ ਕੁਸ ਅੰਨ ਦੀ ਤਾਸੀਰ ਹੀ ਹੋਵੰਦਾ ਏ। ਜਿਵੇਂ ਪਹਿਲੋਂ-ਪਹਿਲ ਸਮੁੰਦਰ ਚ ਕਣ-ਨਾਲ਼ ਕਣ ਜੁੜਿਆ, ਮੱਛੀ ਬਣੀ। ਮੱਛੀ, ਕਿਸੇ ਹੋਰ ਮੱਛੀ ‘ਪਰ ਜਾਣ ਚੜ੍ਹੀ- ਹੋਰ ਮੱਛੀਆਂ ਬਣੀਆਂ। ਮੱਛੀਆਂ ਤੁਰੀਆਂ, ਤਾਂ ਬੰਦਾ ਬਣ ਗਈਆਂ। ਹੁਣ ਬੰਦਾ ਤੁਰਿਆ ਜਾਵੰਦਾ ਜੁੜਨ ਨੂੰ । ਤੁਰੇ ਚਲੋ। ਇਤ-ਥਾਂ ਰੋਜ਼ ਜਾਣਾ ਪੈਵੰਦਾ ਏ।
The body tries to stop him from doing what the mind has already decided.
Love, hunger, work, and exhaustion begin to speak through the same machinery: hands, legs, back, head. The question becomes less about where to go than what keeps a person moving.
And so, even when the path seems to go nowhere, the body keeps walking.