30. — ਲਿਖਾ: ਦੂਜੀ ਸ਼ੈਅ
ਸੋਚਦਾ ਵਾਂ, ਜਿਹੜੀ ਚੀਜ਼ ਵਿਖਾਲ਼ੀ ਨਾ ਜਾ ਸਕਦੀ ਹੋਵੇ, ਕਯਾ ਓਹ-ਦਾ ਸੱਚੀਂ ‘ਹੋਣਾ ਵੀ’ ਲਾਜ਼ਮੀ ਏ, ਜਾਂ ਨਾ-ਹੋਣਾ ਯਕੀਨੀ ਏ? ਹੋਣ ਦੀ ਕੋਈ ਲੋੜ ਵੀ ਹੋਵੰਦੀ ਏ? ਕੋਈ ਐਸੀ ਸ਼ੈਅ ਜੋ ਜਾਂ ਤਾਂ ਲਭਦੀ ਨਹੀਂ, ਜਾਂ ਹੈ-ਹੀ-ਨਾ-ਹੀ, ਆਪਣੇ ਵੱਲ ਮੇਰਾ ਮੂੰਹ ਕਰਵਾ ਕੇ ਬੈਠ ਗਈ ਏ।
ਮੈਂ ਕੋਈ ਐਸਾ ਜੰਗਲ ਲੱਭ ਬੈਠਾ ਵਾਂ, ਜਿਸ ਚ ਜਦੋਂ ਕੋਈ ਦਰਖਤ ਡਿਗਦਾ ਏ ਤਾਂ ਦਰਖ਼ਤਾਂ ਦੀ ਗਿਣਤੀ ਨਾ ਘਟਦੀ ਏ, ਨਾ ਵਧਦੀ। ਡਿੱਗਣ ਦੀ ਆਵਾਜ਼ ਵੀ ਨਹੀਂ ਆਵੰਦੀ, ਕਿਓਂਕਿ ਕੰਨਾਂ-ਅੱਖਾਂ ਵਾਲ਼ਾ ਕੋ’ਵੀ ਉਤ-ਥਾਂ ਹੈ-ਨਾ-ਹੀ।
ਕੋਈ ਐਸਾ ਦੁੱਖ ਜਿਸ-ਦਾ ਹੁਣ ਕੋਈ ਚੇੱਤਾ ਨਹੀਂ। ਕੋਈ ਨਿੱਤ ਪੈਵੰਦਾ ਮਕੌੜਾ ਜਾਂ ਕੋਈ ਨਿੱਕਾ ਜਿਹਾ ਹਰੇ ਰੰਗ ਦਾ ਸੱਪ ਜਿਹੜਾ ਮੇਰੀ ਲੱਤ ਚ ਰਹਿੰਦਾ ਏ। ਜਿਸ ਬਾਰੇ ਮੈਂ ਸਿਰਫ਼ ਇਤਨਾ ਕੁ ਹੀ ਜਾਣਦਾ ਵਾਂ ਕਿ ਓਹ ਫਿਰਦਾ ਏ, ਕਿਤੋਂ ਵੀ ਨਿਕਲ਼ ਸਕਦਾ ਏ। ਮੇਰੀਆਂ ਉਂਗਲਾਂ ਚੋਂ ਵਹਿੰਦਾ ਏ। ਅੰਨੀ ਜੀਭ ਉਲਾਰਦਾ ਏ, ਕੁਝ ਮੰਗਦਾ ਏ। ਮੈਂ ਧੋਣ ਅੱਗੇ ਕਰ ਦੇਵੰਦਾ ਵਾਂ।
ਅਸੀਂ ਦੋਵ੍ਹੇਂ ਅੰਨੇ ਵਾਂ, ਤੇ ਭੁੱਖੇ ਵੀ। ਦੌੜੀ ਜਾਨੇਂ ਵਾਂ foodbank ਵੱਲ, ਪਰ ਪੈਂਡਾ ਆਗੇ ਨਹੀਂ, ਆਗੇ-ਕੋ ਹੁਏ ਲੇਤ ਹੈ। ਅਸੀਂ 365 ਦਿਨ ਭੁੱਖ ਮਗਰ ਨੱਸਦੇ ਵਾਂ ਤੇ 24 ਘੰਟੇ ਚ ਘੱਟੋ-ਘੱਟ ਇਕ ਵਾਰ ਆਪਣੇ ਮਗਰ। ਇਹ ਮਾਰਗ ਨਹੀਂ ਪਰਦੱਖਣਾ ਏ ਕਿਸੇ ਗਾ਼ਇਬ ਸ਼ੈਅ ਦੀ। ਇਹ ਸਾਰੀਆਂ ਪੈਲ਼ੀਆਂ ਓਹ-ਦੀਆਂ ਨ। ਇਹ ਸਾਰੇ ਮੁਜਾਰ੍ਹੇ ਓਹ-ਦੇ ਨ। ਇਹ ਸਾਰੀ ਕਮਾਈ, ਸਾਰੀ ਖੋਈ ਤੇ ਸਾਰੀ ਬੈਅ— ਓਹ-ਦੀ ਏ।
ਇਹ ਨਕਸ਼ਾ ਮੇਰੇ ਪਿੰਡ ਦਾ ਏ, ਪਰ ਇਹ ਨਕਸ਼ਾ ਮੇਰਾ ਪਿੰਡ ਨਹੀਂ। ਇਹ ਮੇਰੇ ਲੋਕ ਨਹੀਂ। ਤੁਸੀਂ ਮੇਰੇ ਲੋਕ ਨਹੀਂ। ਮੇਰੇ ਕੋਈ ਲੋਕ ਨਾ ਸਨ। ਮੈਂ ਤੁਹਾਂ ਦੀ ਮੁਖ਼ਾਲਫਿ਼ਤ ਚ ਲਿਖਦਾ ਵਾਂ। ਮੂੰਹ ‘ਤੋਂ ਹੱਥ ਭੰਵਾ ਕੇ ਲਿਖਦਾ ਵਾਂ। ਪੋਟਿਆਂ ਨਾਲ਼ ਨਹੀਂ, ਹੱਥ ਛਾਤੀ `ਪਰ ਮਾਰ ਕੇ ਲਿਖਦਾ ਵਾਂ। ਮੈਂ ਕੋਈ ਸਿਆਪਾ ਪਿਆ ਕਰਦਾ ਵਾਂ ਤੁਹਾਂ-ਦਾ— ਮੇਰਾ। ਮੈਂ ਰੌਂਦੂ ਵਾਂ। ਮੈਂ ਰੋਈ ਜਾਵੰਦਾ ਵਾਂ, ਤੇ ਨੱਚਣ ਬਹਿ ਜਾਵੰਦਾ ਵਾਂ, ਓਹ ਵੀ ਫਿਟੇਹਾਲ-ਫਿਟੇਹਾਲ ਦੀ beat ‘ਤੇ। ਦਫਾਂ ਹੋ ਜਾਵੋ, ਨਹੀਂ ਤਾਂ ਮੈਂ ਥੱਪੜ ਮਾਰ-ਮਾਰ ਕੇ ਤੁਹਾਂ-ਦਾ hairstyle ਖਰਾਬ ਕਰ ਦੇਣਾ ਏ।
ਮੇਰੇ ‘ਤੇ ਨਾ ਜਾਓ। ਮੇਰੇ ਅੱਗੇ ਨਾ ਤੁਰੋ। ਮੇਰੇ ਪਿੱਛੇ ਨਾ ਆਵੋ। ਮੇਰੇ ਬੱਸ ਪੈਰ ਨ, ਤੇ ਓਹ ਮੇਰੇ ਨ। ਪਤਾ ਨਹੀਂ ਰੋਜ਼਼ ਕਿਹ-ਥਾਂ ਜਾਵੰਦੇ ਨ, ਕਿਓਂ ਜਾਵੰਦੇ ਨ। ਓਹ ਮੇਰੀ problem ਏ। ਆਪਣੇ ਪੈਰ ਹੀ ਸਾਖੀਆਂ ਹੋਂਦੇ ਨ। ਲਿਖਾਰੀ ਬੜਬੋਲੇ ਤੇ ਫੁਕਰੇ ਹੋਂਦੇ ਨ।
ਇਹ ਸਭ ਓਸ ਬਾਰੇ ਏ ਜਿਸ ਦਾ ਕੋਈ ਸਬੂਤ ਨਹੀਂ, ਸੋ ਕਹਿ ਲਓ ਹੋਇਆ ਹੀ ਨਹੀਂ। ਤੇ ਮੇਰੇ ਲਈ ਬਿਹਤਰ ਹੋਵੇਗਾ ਜੇ ਮੈਂ ਆਪਣੇ ਪੈਰਾਂ ਦੇ ਮਗਰ-ਮਗਰ ਤੁਰਦਾ ਰਹਿਵਾਂ। ਪੈਰ ਕਹਿੰਦੇ ਨੇ, ਅੱਗੇ ਨੂੰ:
→ Forward
The diagnosis finally names what has been haunting the narrator: the Other.
But it is never quite alone. Hunger, isolation, memory, the body, the lost place, the cat, the writing—all begin to look like different traces of the same unseen presence.
He cannot prove that this “second thing” exists. So he does the only thing left to him: follow his feet forward, into it.