MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

ਪੁਸਤਕ ਪੜਚੋਲ


ਜਸਪ੍ਰੀਤ ਕੌਰ

ਸਹਾਇਕ ਪ੍ਰੋਫ਼ੈਸਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ
ਪਠਾਨਕੋਟ

‘ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ; ਕਿਤਾਬ ਦਾ ਨਾਮ ਹੀ ਪਹਿਲੀ ਅਟਕਲ ਬਣ ਜਾਂਦਾ ਹੈ। ਮਨੂ ਮ੍ਰਿਤਯੁੰਜਯ ਨੇ ਇਸ ਕਿਤਾਬ ਨੂੰ ਲਿਖਿਆ ਹੈ, ਤੇ ਨਾਲ ਹੀ ਇਸ ਦਾ ਇੱਕ ਹੋਰ ਨਾਮ ਵੀ ਰੱਖ ਦਿੱਤਾ ਹੈ, ‘Asking Out Ms. Leanne Beaton' । ਕਿਤਾਬ ਸ਼ੁਰੂ ਹੁੰਦਿਆਂ ਹੀ ਗੱਲ ‘ਇਤ’ ਉੱਤੇ ਅਟਕ ਹੈ ਤੇ ਅਖੀਰ ਤੱਕ ਅਟਕੀ ਹੀ ਰਹਿੰਦੀ ਹੈ। ਦੂਜਾ ਸਿਰਲੇਖ: ਜਿਵੇਂ ਕੋਈ ਸਧਾਰਣ ਪੁੱਛ, ਪਰ ਇਹ ਪੁੱਛ 200 ਤੋਂ ਵੱਧ ਸਫ਼ਿਆਂ ਵਿੱਚ ਵੀ ਸਿੱਧ ਨਹੀਂ ਹੁੰਦੀ।

ਬਾਹਰਲੇ ਵਰਕ ਤੋਂ ਲੈ ਕੇ ਅਖ਼ੀਰ ਤੱਕ ਅਜਬ-ਗਜਬ ਤਸਵੀਰਾਂ, ਟੇਢੀ ਮੇਢੀ ਛਪਾਈ, ਉੱਚੇ-ਨੀਵੇਂ ਵਾਕ; ਇਹ ਸਭ ਮਿਲ ਕੇ ਇੱਕ ਅਸਹਿਜਤਾ ਪੈਦਾ ਕਰਦੇ ਹਨ। ਅਜਿਹੀ ਅਸਹਿਜਤਾ ਜਿਸ ਬਾਰੇ ‘ਲੇਖਕ’ ਪਹਿਲਾਂ ਹੀ ਚੇਤਾਵਨੀ ਦੇ ਜਾਂਦਾ ਹੈ: “ਇਸ ਕਿਤਾਬ ਵਿੱਚ ਛਪੀਆਂ ਇਹ ਊਟ-ਪਟਾਂਗ ਤਸਵੀਰਾਂ ਤੇ ਗੱਲਾਂ, ਪਰੇਸ਼ਾਨ ਕਰ ਸਕਦੀਆਂ ਨੇ। ਨਿਆਣੇ ਤੇ ਕੋਮਲ-ਭਾਵੀ ਲੋਕ ਗੁਰੇਜ਼ ਕਰਨ, ਜਾਂ ਕਿਸੇ ਦੀ ਸੁਲਾ ਨਾਲ ਪੜ੍ਹਨ।” ਬੇਸ਼ੱਕ ਇਹ ਕਿਤਾਬ ਪਰੇਸ਼ਾਨ ਕਰ ਸਕਦੀ ਹੈ, ਬਲਕਿ ਕਰਦੀ ਹੀ ਹੈ। ਇਹ ਪਰੇਸ਼ਾਨੀ ਹੀ ਉਸ ਦਾ ਦਰਵਾਜ਼ਾ ਹੈ; ਕਿਉਂਕਿ ਜਦੋਂ ਇਹ ਕਿਤਾਬ ਪਾਠਕ ਨੂੰ ਲੱਗ ਜਾਂਦੀ ਹੈ, ਤਾਂ ਉਹ ਆਪਣੇ ਹੀ ਅੰਦਰ ਕਿਤੇ ਹੋਰ ਸਰਕ ਜਾਂਦਾ ਹੈ ‘ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ’ ਨੂੰ ਪੜ੍ਹ ਕੇ ਇਹ ਨਹੀਂ ਲੱਗਦਾ ਕਿ ਕਿਤਾਬ ਆਪਣੇ ਅਰਥਾਂ ਨੂੰ ਸਿੱਧਾ ਖੋਲ੍ਹ ਦੇਵੇਗੀ; ਗੱਲ ਏਥੇ ਖੁੱਲ੍ਹਦੀ ਨਹੀਂ, ਲਗਾਤਾਰ ਖਿਸਕਦੀ ਹੈ। ਪੜ੍ਹਦੇ-ਪੜ੍ਹਦੇ ਬੰਦਾ ਇੱਕ ਅਜਿਹੀ ਅਵਸਥਾ ਵਿੱਚ ਆ ਫਸਦਾ ਹੈ ਜਿੱਥੇ ਜਾਣਨ ਤੇ ਨਾ-ਜਾਣਨ, ਸਮਝਣ ਤੇ ਉਲਝਣ ਦੀਆਂ ਹੱਦਾਂ ਸਾਫ਼ ਨਹੀਂ ਰਹਿੰਦੀਆਂ; ਸਭ ਕੁਝ ਇਕ-ਦੂਜੇ ਵਿੱਚ ਰੁਲਦਾ ਹੋਇਆ ਲੱਗਦਾ ਹੈ। ਜਿਉਂ ਅਰਥ ਬਣੇ ਵੀ ਤੇ ਉਸੇ ਵੇਲੇ ਆਪਣੇ ਆਪ ਨੂੰ ਖਿਸਕਾ ਵੀ ਲਵੇ। ਇਹ ਮੁਕਾਮ “ਰੋਹੜ੍ਹ ਦਾ ਪਾਣੀ” ਹੋ ਜਾਂਦਾ ਹੈ, “ਕਿਸੇ ਸਰਾਲ ਵਾਂਗ ਇਕ ਪਾਸਿਓ ਸਰਲ-ਸਰਲ ਕਰਦਾ ਆਵੰਦਾ ਏ, ਤੇ ਪੈਰਾਂ 'ਚੋਂ ਨਿਕਲ ਦੂਏ ਪਾਸੇ ਲੁਕ ਜਾਵੰਦਾ। ਐਸਾ ਸੱਪ ਜੋ ਪੈਰਾਂ ਵਿਚਾਲਿਓ ਲੰਘੀ ਹੀ ਜਾਵੰਦਾ ਏ, ਕਦਿ ਮੁਕਦਾ ਨਹੀਂ” ।

ਇਸ ਮੋੜ ’ਤੇ ਬਹੁਤ ਸਾਰੇ ਸਵਾਲ- ਜਵਾਬ ਬਸ ਘੁੰਮਣ-ਘੁਮੇਰੀਆਂ ਹੀ ਬਣ ਜਾਂਦੇ ਹਨ। ਕੁਝ ਵੀ ਟਿਕਦਾ ਨਹੀਂ ਇਹ ਸਵਾਲ ਵੀ ਨਹੀਂ ਕਿ ਕਿਤਾਬ ਲੇਖਕ ਨੇ ਲਿਖੀ ਹੈ ਜਾਂ ਕਿਤਾਬ ਨੇ ਆਪਣੇ ਲੇਖਕ ਨੂੰ ਆਪੇ ਘੜ੍ਹ ਲਿਆ ਹੈ। ਲੇਖਕ ਦੀ ਹਾਜ਼ਰੀ ਇੱਥੇ ਕੋਈ ਪੱਕੀ ਚੀਜ਼ ਨਹੀਂ ਰਹਿੰਦੀ; ਉਹ ਕਿਤੇ ਕਿਤਾਬ ਦੇ ਅੰਦਰ ਸਮਾਅ ਜਾਂਦਾ ਹੈ ਜਾਂ ਹੌਲੀ-ਹੌਲੀ ਉਸਦੇ ਪਿੱਛੇ ਅਲੋਪ ਹੋ ਜਾਂਦਾ ਹੈ। ਕਈ ਵਾਰ ਤਾਂ ਲੱਗਦਾ ਹੈ ਕਿ ਲੇਖਕ ਕੋਈ ਵੱਖਰੀ ਹਸਤੀ ਰਹਿ ਨਹੀਂ ਜਾਂਦਾ, ਰਹਿ ਜਾਂਦੀ ਹੈ ਸਿਰਫ਼ ਕਿਤਾਬ; ਤੇ ਉਸ ਵਿੱਚ ਚਲਦੀ ਇੱਕ ਅਜਿਹੀ ਗਤੀ, ਜਿਸਦਾ ਕੇਂਦਰ ਕਿੱਥੇ ਹੈ, ਕਹਿਣਾ ਮੁਸ਼ਕਲ ਹੈ।

ਅਸਲ ਵਿੱਚ, ਜੇ ਪੜ੍ਹ ਕੇ ਵੀ ਇਹ ਭੁਲੇਖਾ ਰਹਿ ਜਾਵੇ ਕਿ ਪਤਾ ਨਹੀਂ ਕੁਝ ਜਾਣਿਆ ਵੀ ਹੈ ਜਾਂ ਨਹੀਂ ਅਤੇ ਜੋ ਜਾਣਿਆ ਉਹ ਵੀ ਠੀਕ-ਗ਼ਲਤ ਦੇ ਵਿਚਕਾਰ ਝੂਲਦਾ ਦਿੱਸੇ; ਤਾਂ ਸਮਝੋ ਕਿਤਾਬ ਦੇ ਜ਼ਰਾ ਨੇੜੇ ਪਹੁੰਚ ਗਏ ਹੋ, ਜਾਂ ਫਿਰ ਕਿਤਾਬ ਤੁਹਾਡੇ ਨੇੜੇ ਆ ਗਈ ਹੈ। ਕਿਤਾਬ ਦੀ ਆਗੋਸ਼ ਵਿਚ ਹਰ ਕਰਮ ਦੇ ਅੰਦਰੋਂ ਕੋਈ ‘ਅ-ਕਰਮ' ਨਿਕਲ ਆਉਂਦਾ ਹੈ, ਤੇ ਵਾਕ ਇਸ ਤਰ੍ਹਾਂ ਫੈਲਦੇ ਹਨ ਜਿਵੇਂ ਖ਼ਾਜ ਦੀ ਲਾਗ। ਇੱਕ ਵਾਰ ਲੱਗ ਜਾਵੇ ਤਾਂ ਰੁਕਦੀ ਨਹੀਂ, ਆਪਣੇ ਆਪ ਹੀ ਵਧਾਉਂਦੀ ਰਹਿੰਦੀ ਹੈ। ਜਿਉਂ ਖ਼ਾਜ ਵਿੱਚ ਚੇਤੇ ਨਹੀਂ ਰਹਿੰਦਾ ਕਿ ਇਹ ਕਿੱਥੋਂ ਸ਼ੁਰੂ ਹੋਈ ਸੀ; ਬਸ ਇਹ ਹੁੰਦੀ ਹੀ ਰਹਿੰਦੀ ਹੈ; ਉਸੇ ਤਰ੍ਹਾਂ ਇਹ ਕਿਤਾਬ ਤੇ ਇਸ ਵਿਚਲੀ ਸਾਰੀ ਗੱਲ ਹੈ।

ਇਸ ਕਿਤਾਬ ਨੂੰ ਪਰੰਪਰਾਗਤ ਅਰਥਾਂ ਵਿੱਚ ਸਮਝਣਾ ਸੰਭਵ ਨਹੀਂ। ਇਹ ਕਹਾਣੀ, ਕਿਰਦਾਰ ਜਾਂ ਕਿਸੇ ਪ੍ਰਚੱਲਿਤ ਤੇ ਸਪਸ਼ਟ ਦਲੀਲ 'ਤੇ ਨਹੀਂ ਟਿਕਦੀ; ਇਹ ਅਨੁਭਵ, ਚੇਤਨਾ ਤੇ ਭਾਸ਼ਾ ਦੇ ਤੋੜ-ਜੋੜ 'ਚੋਂ ਬਣਦੀ ਹੈ। ਇਸ ਲਈ ਇਹ ਸਿਰਫ਼ ਇਕ ਪਾਠ ਨਹੀਂ ਰਹਿੰਦੀ, ਸਗੋਂ ਇਕ ਅਜਿਹਾ ਖੇਤਰ ਬਣ ਜਾਂਦੀ ਹੈ ਜਿੱਥੇ ਪਾਠਕ ਜੇ ਕੁਝ ਲੱਭਣ ਦੀ ਕੋਸ਼ਿਸ਼ ਕਰੇ ਤਾਂ ਨਿਸ਼ਚੇ ਹੀ ਗਵਾਚ ਜਾਵੇਗਾ। ਕਿਉਂ ਕਿ ਏਥੇ ਕੁਝ ਵੀ ਲਕੀਰੀ ਨਹੀਂ, ਨਾ ਸਮਾਂ, ਨਾ ਸਥਾਨ, ਨਾ ਯਾਦਾਂ ਤੇ ਨਾ ‘ਮੈਂ ‘ਮੈਂ’ਜੋ ਹੈ, ਉਹ ਸਭ ਤੋਂ ਵੱਧ ਤਰਲ ਹੋ ਗਿਆ ਹੈ, ਉਸ ਦੀ ਇਹ ਤਰਲਤਾ ਭਾਸ਼ਾ ਦੇ ਵਿਸ਼ੇਸ਼ ਵਹਾਉ ਸਦਕਾ ਕਿਤਾਬ 'ਚੋਂ ਉੱਭਰ ਆਉਂਦੀ ਹੈ।

ਮੁਸ਼ਕਿਲ ਇਹ ਵੀ ਹੈ ਕਿ ਜਦੋਂ ‘ਮੈਂ ਨੂੰ ‘ਮੈਂ’ ਲੱਭਦੀ ਹੈ ਤਾਂ ਰਾਵਣ ਦੇ ਦਸ ਸਿਰ ਅਜੇ ਪੁੰਗਰ ਹੀ ਰਹੇ ਹੁੰਦੇ ਹਨ ਕਿ ਅਗਲੇ ਵਾਕ ਦੀ ਤਲਵਾਰ ਚੱਲ ਜਾਂਦੀ ਹੈ। ਇਹ ਸਿਰਫ਼ ‘ਮੈਂ’ ਨਾਲ ਹੀ ਨਹੀਂ ਹੋ ਰਿਹਾ, ਕਿਤਾਬ ਵਿੱਚ ਇਹ ਕਿਸੇ ਵੀ ਸਥੂਲ, ਸਥਿਰ ਤੇ ਸਪਾਟ ਨਾਲ ਝਟਪਟ ਵਾਪਰ ਰਿਹਾ ਹੈ। ਇਉਂ ਟੇਢੇ ਆਠੇ ਦੇ ਚੱਕਰ ਵਾਂਗ, ਸਰਲ-ਸਰਲ ਕਰਦੀ ਸਰਾਲ ਜੋ ਪਹਿਲਾਂ ਹੀ ਮਾਣ ਨਹੀਂ, ਉਹ ਛਲੇਡਾ ਹੋ ਜਾਂਦੀ ਹੈ।

ਭਾਸ਼ਾ ਦੀ ਐਸੀ ਖੇਡ ਵਿੱਚ ਜੋ ਸਾਧਾਰਨਤਾ ਅਣ-ਗੌਲਿਆ ਤੇ ਤਿਰਸਕਾਰਿਆ ਰਹਿੰਦਾ ਹੈ, ਇਹ ਉਸ ਦਾ ਅਘੋਸ਼ਿਤ-ਜਸ਼ਨ ਤੇ ਉਸੇ ਵੇਲੇ ਜੰਮੀ ਸਵੈ-ਪ੍ਰਤਾੜਨਾ ਦੀ ਪੀੜ ਹੈ। ਕਿਉਂ ਕਿ ਸ਼ਬਦ ਬਿੰਬਾਂ 'ਚ ਵਟਦੇ ਤੇ ਫਿਰ ਰੌਕਿਟ ਬਣ ਚੇਤਨਾ ਨੂੰ ਸਪੇਸ ਵਿੱਚ ਧੱਕਾ ਦੇ ਕੇ ਆਪ ਮੁੜਕਿਤਾਬ ਵਿੱਚ ਸੌਅ ਜਾਂਦੇ ਹਨ। ਇਹ ਭਾਸ਼ਾ ਦਾ ਨਾਚ ਹੈ, ਮਨੁੱਖ (ਤੋਂ ਅ-ਮਨੁੱਖ ਹੋ ਸਭ ਕੁਝ ਤੇ ਕੁਝ ਵੀ ਨਾ ਹੋਣ) ਦੇ ਹੋਣੇ ਦੀ ਅੰਗੜਾਈ ਹੈ ਤੇ ਭਟਕਣ-’ਚ-ਲਟਕਣ ਜਿਹੇ ਅਣਗਿਣਤ ਜੁੱਟਾਂ ਦਾ ਸ-ਰੂਪ/ਅ - ਰੂਪ ਹੈ।

ਲੇਖਕ ਦੇ ਕਹਿਣ ਮੁਤਾਬਿਕ “ਇਹ ਕਿਤਾਬ ਬੰਦੇ-ਖਾਣੀ ਏ, ਇਸ 'ਚ ਆਪਣਾ ਨਾਂ ਲੱਭੋ। ਕਿਤਾਬ ਬੰਦ ਕਰੋ ਤੇ ਪੜ੍ਹੋ। ਫਿਰ ਪੜ੍ਹੋ। ਹਰ ਵਾਰ ਆਪਣਾ ਨਵਾਂ ਨਾਓ ਧਰੋ। ਬਿਮਾਰਾਂ ਵਾਂਙ ਪੜ੍ਹੋ। ਰੱਬ ਦੇ ਨਾਂ ਵਾਂਙ ਲਓ, ਤੇ ਭੁੱਲ ਜਾਓ। ਕਹਾਣੀ ਹੈ - ਨਾ।” ਤੇ ਕਿਤਾਬ ਬਾਰੇ ਗੱਲ ਕਰਦਿਆਂ ਕਾਇਦੇ ਨਾਲ ਸਾਰੀ ਗੱਲ ਇਸ ਇੱਕ ਟੋਟੇ 'ਤੇ ਮੁੱਕ ਜਾਣੀ ਚਾਹੀਦੀ ਹੈ। ਪਰ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਜੇ ਆਲੋਚਕ ਜਾਗ ਪਏ ਤਾਂ ਉਹ ਆਦਤਨ ਗੱਲ ਮੁੱਕਣ ਨਹੀਂ ਦੇਣੀ ਚਾਹੁੰਦਾ। ਮਸਲਾ ਇਹ ਹੈ ਕਿ ਇਹ ਕਿਤਾਬ ਜਦ ਲੇਖਕ ਨੂੰ ਵੀ ‘ਰੋਹੜੂ' ’ਚ ਰੋੜ ਸਕਦੀ ਹੈ ਤੇ ਪਾਠਕ ਨੂੰ ਵਹਾ ਕੇ ਲੈ ਜਾ ਸਕਦੀ ਹੈ ਤਾਂ ਆਲੋਚਕ ਦੇ ਪੈਰ ਕਿਵੇਂ ਲੱਗਣ ਦੇ ਸਕਦੀ ਹੈ। ਜੇ ਕਿਤੇ ਆਲੋਚਕ ਪੈਰ ਲਗਾਉਣ ਦੀ ਜ਼ਿੱਦ ਕਰੇ ਤਾਂ ਇਹ ਸਤਰ ਅੱਖਾਂ ਕੱਢਣ ਲਗਦੀ ਹੈ ਕਿ “ਕਿਤਾਬ ਤੁਹਾਂ-ਵੱਲ ਵੇਖ ਰਹੀ ਏ... ਸਮਝੋ ਮਤ | ਫ਼ਸ ਜਾਵੋਗੇ।” ਤੇ ਜੇ ਫਿਰ ਵੀ ਆਲੋਚਕ ਨੇ ਸਭ ਸਮਝਣ ਤੇ ਸਮਝਾਉਣ ਦੀ ਜ਼ਿਦ ਰੱਖੀ ਤਾਂ ਫ਼ਸ ਜਾਣਾ ਤੈਅ ਹੈ।

ਕਿਤਾਬ ਜੇ ਬਰਾਬਰ ਦੇਖ ਸਕਦੀ ਹੈ, ਤਾਂ ਨੈਣ-ਸੁਖ ਹੁਣ ਸਿਰਫ਼ ਆਲੋਚਕ ਦੇ ਹਿੱਸੇ ਨਹੀਂ ਰਹਿੰਦਾ। ਦੇਖਣ ਦੀ ਰਵਾਇਤ ਹੀ ਉਲਟ ਜਾਂਦੀ ਹੈ; ਪਹਿਲਾਂ ਜਿੱਥੇ ਆਲੋਚਕ ਦੇਖਣ ਵਾਲਾ ਸੀ, ਓਥੇ ਹੁਣ ਉਹ ਦੇਖੀ ਜਾਣ ਵਾਲੀ ਸ਼ੈਅ ਹੋ ਗਿਆ ਹੈ। ਇਹ ਕੋਈ ਸਧਾਰਣ ਚਾਲ ਨਹੀਂ, ਇਹ ਉਹ ਖੇਡ ਹੈ ਜੋ ਲੇਖਕ ਨੇ ਖੇਡੀ ਹੈ, ਜਾਂ ਸ਼ਾਇਦ ਲੇਖਕ ਤੋਂ ਵੀ ਬਾਹਰ ਹੋ ਕੇ ਭਾਸ਼ਾ ਨੇ ਆਪ ਖੇਡ ਲਈ ਹੈ।

ਦੇਖਣ ਦੇ ਨਾਲ-ਨਾਲ ਲੱਗਦਾ ਹੈ ਕਿ ਕਿਤਾਬ ਨੇ ਹੋਰ ਵੀ ਬਹੁਤ ਕੁੱਝ ਸਿੱਖ ਲਿਆ ਹੈ; ਜਿਵੇਂ ਇਸ ਤਰ੍ਹਾਂ ਦੇ ਵਾਕ ਬਣਾਉਣੇ, “ਭਾਵੇਂ ਜਵਾਬ ਠੀਕ ਹੋਵੇ, ਓਸ ਨਾਲ਼ ਪ੍ਰਸ਼ਨ ਕੀ ਸੀ, ਪਤਾ ਨਹੀਂ ਲੱਗ ਜਾਵੰਦਾ।” ; ...ਏਨੀਆਂ ਗੱਲਾਂ ਇਕੋ ਵੇਲ਼ੇ 'ਚ ਤਾਂ ਹੀ ਸੰਭਵ ਨ, ਜੇ ਓਹ ਨਾ ਹੋ ਸਕਦੀਆਂ” ਗੱਲਾਂ- ਹੋ ਚੁੱਕੀਆਂ ਹੋਣ।” “ਕਈ ਦਿਨ ਐਸੇ ਹੋਵੰਦੇ ਨੇ ਜਦੋਂ ਇਹੀ ਲਿਖਣਾ ਹੋਵੰਦਾ ਏ- ਕਿ ਕੀ ਕੁਝ ਲਿਖ ਨਹੀਂ ਹੋਵੰਦਾ।” ; “ਕੋਈ ਹੋਵੇ ਤਾਂ ਮੈਂ ਵੀ ਹੋ ਜਾਵੰਦਾ ਵਾਂ” । ਇਸੇ ਲਈ ਲੇਖਕ ਦੀ ਇਸ ਗੱਲ ਨਾਲ ਪੂਰੀ ਸਹਿਮਤੀ ਬਣਦੀ ਹੈ ਕਿ “ਭਾਖਾ ਕੰਧ 'ਤੇ ਉੱਗੀ ਵੇਲ਼ ਏ, ਇਹ ਸਾਹ ਲੈਵੰਦੀ ਏ..” । ਪਰ ਏਥੇ ਲੱਗਦਾ ਹੈ ਕਿ ਇਸ ‘ਭਾਖਾ’ ਨੇ ਜ਼ਰਾ ਜ਼ਿਆਦਾ ਡੂੰਘਾ ਸਾਹ ਖਿੱਚ ਲਿਆ ਹੈ, ਏਨਾ ਡੂੰਘਾ ਕਿ ਹੁਣ ਸਿਰਫ਼ ਲੇਖਕ ਹੀ ਨਹੀਂ, ਪਾਠਕ ਸਮੇਤ ਆਲੋਚਕ ਦੀ ਵੀ ਜਾਹ-ਜਾਂਦੀ ਹੋਈ ਪਈ ਹੈ।

ਭਾਸ਼ਾ ਇਸ ਤਰ੍ਹਾਂ ਦੀ ਹੈ ਕਿ ਕਈ ਵਾਰ ਲੱਗਦਾ ਹੈ, ਵਾਕ ਬਣ ਨਹੀਂ ਰਹੇ, ਉੱਗ ਰਹੇ ਹਨ। ਇਸੇ ਲਈ ਇਹੋ ਜਿਹੇ ਵਾਕ ਥਾਂ-ਥਾਂ ਜੜੇ ਪਏ ਹਨ—“Self ਦਾ ਕੀ ਏ ਅੜੀਏ? ਨੱਪੋ ਤਾਂ ਕਦਿ ਚਲ ਪੈਵੰਦਾ ਏ, ਕਦਿ ਨਹੀਂ। ਪਰ ਜੇ ਆਪਣੇ-ਆਪ ਨੂੰ self ਮੰਨ ਕੇ ਨੱਪੀ ਜਾਵੀਏ ਤਾਂ ਇਹ ਤਾਂ ਕੋਈ ਚੰਗਾ self ਨਹੀਂ ਹੋਇਆ। ਇਸ 'ਚ ਤੁਸੀਂ ਆਪਣੇ ਬਿਨ੍ਹਾਂ ਕੁਝ ਨੱਪ ਹੀ ਨਹੀਂ ਸਕਦੇ?” ਜਿੱਥੇ ਭਾਸ਼ਾ ਸਿਰਫ਼ ਕਹਿੰਦੀ ਨਹੀਂ, ਕਲਾਬਾਜ਼ੀਆਂ ਕਰਦੀ ਹੈ। ਕਈ ਵਾਰ ਲੱਗਦਾ ਹੈ ਜਿਵੇਂ ਹਰ ਗੱਲ ਆਪਣੇ ਆਪ ਨਾਲ ਗੱਲ ਕਰਦੀ ਦੂਸਰੀ ਕਿਸੇ ਗੱਲ ਨਾਲ ਗੱਲ ਮੁਕਾਅ ਕੇ ਨਿਕਲ ਤੁਰੇ, ਕਿਸੇ ਅਮੁੱਕ ਵਾਟ ਵੱਲ। ਸ਼ਾਇਦ ਇਸੇ ਲਈ ਇਸ ਕਿਤਾਬ ਨੂੰ ਪੜ੍ਹਨਾ ਇਕ ਵਾਰ ਦਾ ਕਰਮ ਨਹੀਂ ਰਹਿੰਦਾ, ਸਗੋਂ ਇੱਕ ਲਗਾਤਾਰ ਲੱਗਣ ਵਾਲੀ ਹਾਲਤ ਬਣ ਜਾਂਦਾ ਹੈ।

ਇਹ ਕਿਤਾਬ ਘਟਨਾਵਾਂ ਵਿੱਚ ਦੇਖਣ-ਸੋਚਣ ਤੇ ਕਹਾਣੀਆਂ ਵਿੱਚ ਸਮਝਣ ਵਾਲੀ ਬਿਰਤੀ ਨੂੰ ਚੁਣੌਤੀ ਹੈ | ਲਕੀਰੀ ਬਿਰਤਾਂਤ ਤੋਂ ਬਾਹਰ ਇਹ ਅਜਿਹਾ ਚੇਤਨਾ-ਖੇਤਰ ਹੈ ਜਿਸ ਦਾ ਪ੍ਰਵੇਸ਼-ਦੁਆਰ ਇਸ ਮੰਤਰ ਨਾਲ ਖੁਲ੍ਹਦਾ ਹੈ: “ਅਨੁਕ੍ਰਮ-ਪੁਨਰਾਵਰਤੀ-ਯੁਕਤੀਵਿਧੀ, ਧੀਰਜ ਨਾਲ ਪੜ੍ਹੋ, ਦੁਹਰਾਓ ਨਾਲ ਦੂਹਰੇ ਹੋਵੋ। ਹਰ ਦੁਹਰਾਅ ਨਵੀਂ ਲੁੰਗਰ ਏ।” ਇਸੇ ਮੰਤਰ ਦੇ ਆਸਰੇ “ਰੋਹੜੂ” ਦੇ ਪਾਣੀ ਵਿੱਚ ਉਤਰਿਆ ਜਾ ਸਕਦਾ ਹੈ। ਇਹ ਪਾਣੀ ਜਨਮ ਦੀ ਯਾਦ ਵੀ ਹੈ ਤੇ ਨਿਗਲ ਜਾਣ ਦਾ ਡਰ ਵੀ। ਇੱਕੋ ਵੇਲੇ ਬੁਲਾਉਂਦਾ ਵੀ ਹੈ ਤੇ ਡਰਾਉਂਦਾ ਵੀ ਹੈ।

ਜਿਵੇਂ ਕੋਈ ਡੂੰਘਾਈ ਆਪਣੀ ਵੱਲ ਖਿੱਚਦੀ ਹੋਵੇ, ਪਰ ਉਸ ਵਿੱਚ ਥੱਲੇ ਜਾਣ ਦਾ ਮਤਲਬ ਵਾਪਸ ਨਾ ਆਉਣਾ ਵੀ ਹੋ ਸਕਦਾ ਹੈ। ਕਈ ਵਾਰ ਲੱਗਦਾ ਹੈ ਕਿ ਇਹ ਖਿੱਚ ਬਾਹਰੋਂ ਨਹੀਂ, ਅੰਦਰੋਂ ਹੀ ਉੱਠ ਰਹੀ ਹੋਵੇ, ਜਿਵੇਂ ਬੰਦਾ ਪਹਿਲਾਂ ਹੀ ਇਸ ਵਿੱਚ ਪਿਆ ਹੋਇਆ ਹੋਵੇ, ਤੇ ਹੁਣ ਸਿਰਫ਼ ਉਸਦਾ ਅਹਿਸਾਸ ਹੋ ਰਿਹਾ ਹੋਵੇ ।

ਕਿਤਾਬ ਦੇ ਅਹਿਸਾਸੀ ਸੰਸਾਰ ਵਿਚ ਪਾਣੀ ਕੋਈ ਬਾਹਰੀ ਤੱਤ ਨਹੀਂ ਰਹਿੰਦਾ; ਰੋਹੜੂ" ਇਸ ਲਈ ਸਿਰਫ਼ ਪ੍ਰਤੀਕ ਨਹੀਂ, ਇੱਕ ਹਾਲਤ ਹੈ। ਇੱਕ ਅਜਿਹਾ ਸੱਦਾ ਜੋ ਮੰਨਿਆ ਵੀ ਨਹੀਂ ਜਾਂਦਾ ਤੇ ਟਾਲਿਆ ਵੀ ਨਹੀਂ ਜਾਂਦਾ। ਜਦੋਂ ਇਸਨੂੰ ਵੇਖਿਆ ਜਾਂਦਾ ਹੈ, ਤਦੋਂ ਲੱਗਦਾ ਹੈ ਕਿ ਇਹ ਵੀ ਵਾਪਸ ਵੇਖ ਰਿਹਾ ਹੈ; ਤੇ ਬੰਦਾ ਆਪਣੇ ਹੀ ਵੇਖਣ ਵਿੱਚ ਡੁੱਬਦਾ ਜਾ ਰਿਹਾ ਹੋਵੇ। ਇਸ ਡਿੱਕ-ਡੋਲੇ ਵਾਲੀ ਸਥਿਤੀ ਵਿੱਚ ਭਾਸ਼ਾ ਟੁੱਟ-ਭੱਜ ਕੇ ਬੋਲਦੀ ਹੈ; ਜਿਵੇਂ, “I grab my hands with both my ears, when I cannot see things clearly ਵਰਗੇ ਵਾਕ ਵਿੱਚ ਦੇਖਣਾ, ਸੁਣਨਾ, ਛੂਹਣਾ; ਸਭ ਇਕ-ਦੂਜੇ ਵਿੱਚ ਰਲ ਜਾਂਦੇ ਹਨ। ਕਿਤਾਬ ਦੀ ਭਾਸ਼ਾ ਸਿਰਫ਼ ਕਹਿੰਦੀ ਨਹੀਂ, ਸਗੋਂ ਆਪਣੇ ਆਪ ਨੂੰ ਖੋਲ੍ਹਦੀ, ਮੋੜਦੀ ਤੇ ਖੋਖਲਾ ਕਰਦੀ ਹੋਈ ਇੱਕ ਅਜਿਹੇ ਅਨੁਭਵ ਵਿੱਚ ਬਦਲ ਜਾਂਦੀ ਹੈ, ਜਿੱਥੇ ਅ-ਨੁ-ਭਵਾਂ (ਅ-ਦਿਸਦੇ, ਅ-ਛੋਹੇ, ਅ-ਬੋਲੇ, ਅ-ਸੁਣੇ, ਅ-ਸੋਚੇ) ਦਾ ਭਾਵ-ਮੰਡਲ ਉੱਸਰਦਾ ਹੈ। ਨਤੀਜਾ, ਇਸ ਭਾਵ-ਮੰਡਲ ਵਿੱਚ ਪਿੰਡਾ/ਸਰੀਰ ਇਕਸਾਰ ਨਹੀਂ ਰਹਿੰਦਾ; ਉਹ ਖੁੱਲ੍ਹ ਜਾਂਦਾ ਹੈ, ਅੱਖਾਂ ਦੇ ਅੱਖਾਂ, ਲੱਤਾਂ ਦੇ ਲੱਤਾਂ ਤੇ ਪਿੱਠ ਦੇ ਪਿੱਠ ਉੱਗ ਆਉਂਦੀ ਹੈ। ਸਰੀਰ ਆਪਣੇ ਅਕਾਰ ਤੋਂ ਬਾਹਰ ਨਿਕਲ ਜਾਂਦਾ ਹੈ। ਇਹ ਵਾਰ-ਵਾਰ ਭਾਸ਼ਾ ਤੋਂ, ਅਕਾਰਾਂ ਤੋਂ, ਤੈਅ-ਸ਼ੁਦਾ ਢੰਗਾਂ ਤੋਂ ਤੇ ਜਾਣੇ-ਪਛਾਣੇ ਦੇ ਰੰਗਾਂ ਤੋਂ ਬਾਹਰ ਵੱਲ ਦਾ ਸਫ਼ਰ ਹੈ। ਸਮੇਂ ਤੇ ਸਥਾਨ ਦੀ ਗੋਲਾਈ ਵਿੱਚ ਚਲਦਾ ਸਫ਼ਰ। ਕਿਤਾਬ ਨੂੰ ਪੜ੍ਹਦਿਆਂ ਲੱਗਦਾ ਹੈ ਕਿ ਸਮਾਂ ਘੜੀ ਨਾਲ ਨਹੀਂ, ਅੰਦਰਲੀ ਚੇਤਨਾ ਨਾਲ ਚੱਲ ਰਿਹਾ ਹੈ; ਜਿੱਥੇ ਪਹਿਲਾਂ ਤੇ ਹੁਣ ਵਿੱਚ ਕੋਈ ਸਾਫ਼ ਫਰਕ ਨਹੀਂ ਰਹਿੰਦਾ। ਸਮੇਂ ਦੇ ਇਸ ਰੂਪ ਦੇ ਰੂ-ਬ-ਰੂ ਹੁੰਦਿਆਂ ‘ਸਮਾਂ ਵੀ ਕੁਝ ਹੈ” ਦਾ ਭਰਮ ਟੁੱਟ ਜਾਂਦਾ ਹੈ, ਕਿਉਂ ਕਿ ਇਹ ਆਰੰਭ ਤੇ ਅੰਤ ਤੋਂ ਪਾਰ ਦੀ ਇੱਕ ਨਿਰੰਤਰਤਾ ਵਿੱਚ ਬਦਲ ਜਾਂਦਾ ਹੈ। ਇਸ ਲਈ ਸਮੇਂ ਨਾਲ ਜੁੜੀਆਂ ਹੱਦਾਂ ਟੁੱਟਣ ਨਾਲ ਆਰੰਭ ਤੇ ਅੰਤ ਦੇ ਘੇਰੇ ਵਿੱਚ ਆਉਂਦਾ ਬਹੁਤ ਕੁਝ ਚੇਤਨਾ 'ਚੋਂ ਇਕ-ਇਕ ਕਰ ਕੇ ਕਿਰ ਜਾਣ ਦੀ ਖ਼ਤਰਨਾਕ ਸੰਭਾਵਨਾ ਬਣਦੀ ਹੈ।

ਅੰਤ ਵਿੱਚ, ਇਹ ਸਾਰੀ ਕਿਤਾਬ ਜਿਵੇਂ ਇੱਕ ਅਜਿਹੀ ਥਾਂ 'ਤੇ ਆ ਖੜ੍ਹਦੀ ਹੈ ਜਿੱਥੇ ਕੋਈ ਇਕ ਗੱਲ ਨਹੀਂ ਰਹਿੰਦੀ; ਨਾ ਅਰਥ ਪੱਕਾ ਹੁੰਦਾ ਹੈ, ਨਾ “ਮੈਂ” ਨਾ ਭਾਸ਼ਾ, ਨਾ ਸਮਾਂ। ਇਹ ਕਿਤਾਬ ਕੁਝ ਦੱਸਦੀ ਨਹੀਂ; ਇਹ ਬੰਦੇ ਨਾਲ ਕੁਝ ਕਰਦੀ ਹੈ। ਕਿਤਾਬ ਪੜ੍ਹਦਿਆਂ ਪ੍ਰਤੀਤ ਹੁੰਦਾ ਹੈ ਕਿ ਇਹ ਕਿਤਾਬ ਪੜ੍ਹ ਨਹੀਂ ਹੋ ਰਹੀ ਸਗੋਂ ਵਾਪਰ ਰਹੀ ਹੈ, ਅੰਦਰ-ਬਾਹਰ, ਕਈ ਧਰਾਤਲਾਂ 'ਤੇ, ਗੋਲਾਈ ਵਿੱਚ, ਘੁੰਮਣ-ਘੇਰੀ ਵਿੱਚ। ਸ਼ਾਇਦ ਇਸੇ ਲਈ ਕਿਤਾਬ ਆਖਦੀ ਹੈ ਹਰ ਵਾਰ ਆਪਣਾ ਨਵਾਂ ਨਾਓ ਧਰੇ।... ਤੇ ਭੁੱਲ ਜਾਓ” ਫਿਰ ਲੱਭੋ, ਤੇ ਨਵਿਆਉਂਦੇ ਜਾਓ। “ਕਹਾਣੀ ਹੈ-ਨਾ” ।

← Previous | Home | Reading-room →