MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

15. ਛੋਹ| The Return

Leanne ਸਭਨਾਂ ਨੂੰ ਅੰਞ ਹੀ ਮਿਲਦੀ ਏ, ਕਪਾਹ ਵਰਗੀ ਛੋਹ ਨਾਲ਼। ਇਤਨਾ ਕੁ ਹੀ ਮਿਲਦੀ ਏ— ਜਾਣ ਤੋਂ ਪਹਿਲਾਂ। ਮੈਂ ਤਾਂ ਕਦਿ ਨਹੀਂ ਆਖਦਾ ਕਿ ਤੂੰ ਰੋਜ਼ ਮੈਂ-ਨੂੰ ਪੰਜੇ ਲਾ’ ਕੇ ਤੁਰ ਜਾਵੰਦੀ ਏਂ, ਕਦਿ ਤਿਤਲੀ ਵਾਂਙ ਚੁੰਮ ਵੀ ਲਿਆ ਕਰ? ਮੈਂ ਤਾਂ ਅਜਿਹਾ ਕੁਝ ਕਦਿ ਚਿਤਵਿਆ ਵੀ ਨਹੀਂ। ਨਾ!

ਮੈਂ ਕੁਝ ਚਿਤਵਿਆ, ਤੇ ਸੰਗ ਗਿਆ। ਰਹਿਣ ਦਿੱਤਾ— ਕਹਿਆ ਨਾ। ਗੰਦੀ ਗੱਲ ਸੀ। ਓਹ ਗੱਲ ਜੋ ਮੈਂ ਚਿਤਵੀ ਹੀ ਸੀ— ਨਾ ਆਖੀ, ਨਾ ਕੀਤੀ। ਮੈਂ ‘ਕੱਲੀ ਭੇਡ ਚਾਰ ਬੰਦਿਆਂ ਤਾਂ ਕੰਮ ਕਰਦੀ ਵਾਂ, ਤਾਂ ਕਿਤੇ ਤੇਰੀ ਮਸੀਹੀ- ਛੋਹ ਨਸੀਬ ਹੋਂਦੀ ਏ। ਇਸ foodbank ਚ ਬਿਨਾਂ ਜ਼ਾਤ-ਭੇਦ ਹਰ ਭੁੱਖੇ ਨੂੰ ਰੱਜਵੀਂ ਰੋਟੀ ਖਵਾਈ ਜਾਵੰਦੀ ਏ। ਘਰ ਲੈ-ਜਾਣ ਲਈ ਰਾਸ਼ਨ ਵੀ ਦੇਵੰਦੇ ਹੈ-ਨ। ਰੋਟੀ ਐਪਰ ਥਾਓਂ ਬੈਠ ਕੇ ਖਾਣੀ ਪੈਂਦੀ ਏ, ਭਵਾਂ ਦਸ ਵਾਰ ਮੰਗ ਖਾਓ। ਘਰ ਲੈ-ਜਾਵਣ ਨੂੰ ਗਲਵੱਕੜੀਆਂ ਹੀ ਹੋਵੰਦੀਆਂ ਨ। ਚੇੱਤਾ ਕਰਨ ਨੂੰ ਬਸ ਚੇੱਤਾ ਹੀ ਹੋਂਦਾ ਏ।

ਛੋਹ ਦੀ ਭੁੱਖ ਰਹਿੰਦੀ ਏ। ਕਦਿ-ਕਦਾਈਂ ਮਿਲੀ ਇਜ਼ਤ ਦੀ ਭੁੱਖ। ਰੋਹੜੂਆਂ ਦੀ ਤੇਹ। ਓਦ੍ਹੀ ਆਪਣੇ ਬਾਰੇ ਦੱਸੀ ਕਿਸੇ ਗੱਲ ਦੀ ਭੁੱਖ। ਭੁੱਖ ਕਿਸੇ ਦੇ text message ਦੀ, ਜਿਹ-ਚ ਓਹ ਆਖੇ— ਅੱਗ ਲੱਗੀ ਏ, ਤੇ ਤੇਰੀ ਲੋੜ ਏ। ਇਸੇ ਵੇਲ਼ੇ ਲੋੜ ਏ, ਤੇ ਇਤ-ਥਾਂ ਲੋੜ ਏ। ਭੁੱਖ— ਭੁੱਖ ਲੱਗਣ ਦੀ। ਆਪਣੀ ਹੀ ਜੀਭ ਖਾਵਣ ਦੀ। ਸਰਲ-ਸਰਲ ਖ਼ਤਮ-ਖ਼ਤਮ। ਜੀਭਾ ਦੀ ਵਿੱਥ ਤੇਰੇ-ਮੇਰੇ ਚ। ਬਾਅਦ ‘ਚ ਮੈਂ-ਨੂੰ ਪਤਾ ਏ, ਮੈਂ ਮੁੜ ਕਿਹ-ਥਾਂ ਜਾਣਾ ਏ।

ਮੈਂ ਇਕ ਡੂੰਘੀ ਸੁਰੰਗ ਦੀਆਂ 9 ਪੌੜੀਆਂ ਉਤਰਨੀਆਂ ਨ, ਤੇਰੇ ਪਿਆਰੇ ਤੇ ਆਗਿਆਕਾਰੀ ਭੇਡੂ ਦੀ ਖੱਲ ਲਾਹ ਸੁੱਟਣੀ ਏ— ਤੇ ਲਕੜਬੱਗੇ ਦੀ ਪਾ ਲੈਣੀ ਏ। ਮੈਂ ਜਾਣਦਾ ਵਾਂ ਆਪਣੀ ਕਿਸਮ ਨੂੰ ਤੇ ਯਕੀਨ ਮੰਨਣਾ, foodbank ਚ ਪਲੇੱਟਾਂ ਚਟਦੀਆਂ ਸਾਰੀਆਂ ਭੇਡਾਂ ਅਸਲੋਂ ਮੇਰੇ ਵਰਗੀਆਂ ਹੀ ਨ। ਅਸੀਂ ਕੁਝ ਚਟਦੇ ਰਹੀਏ ਤਾਂ ਠੀਕ ਰਹਿੰਦੇ ਵਾਂ। ਰੋਟੀ ਖਾਵੰਦੇ ਰਹੋ, ਤਾਂ ਕਿਹੜਾ ਕੋਈ ਬਚਦਾ ਏ? ਭੁੱਖ ਲੱਗੇ ਤਾਂ ਹੱਥਾਂ ਨਾਲ਼ ਮਿੱਟੀ ਪੁੱਟੋ ਤੇ ਧਰਤੀ ਦੇ ਦੂਜੇ ਪਾਸਿਓਂ ਨਿਕਲ ਜਾਓ। ਓਹ-ਥੇ ਬੈਠ ਕਰ ਲਿਖੋ। ਲਿਖੋ; ਭੁੱਖ ਲੱਗੇ ਤਾਂ ਰੋਟੀ ਕਿਓਂ ਨਹੀਂ ਖਾਵੰਦੇ, ਚੂਚੀ ਕਿਓਂ ਮੰਗਦੇ ਓ?

ਮੈਂ ਕਿਸੇ ਹੋਰ ਚ ਜਾ ਵੱਜਾਂ ਤਾਂ ਉਹ ਮੈਂ-‘ਤੇ ਤਰਸ ਖਾ ਪੁੱਛਣ ਬਹਿ ਜਾਵੰਦਾ ਏ ਕਿ ਸੱਟ ਤਾਂ ਨਹੀਂ ਲੱਗੀ? ਹੱਦ ਏ ਬੇਕਦਰੀ ਦੀ। ਹੋ ਵੀ ਸਕਦਾ ਏ ਕੋਈ ਥੋੜ੍ਹੀ-ਮਤੀ ਲੱਗ ਗਈ ਹੋਵੇ, ਪਰ ਘੁੰਮਦੀਆਂ ਚੀਜ਼ਾਂ ਤਾਂ ਵੱਜਣ ਨੂੰ ਫਿਰਦੀਆਂ-ਫਿਰਦੀਆਂ ਨ। ਬੰਦਾ ‘ਕੱਲਾ ਕਿੰਨੀਆਂ ਕੁ ਸੱਟਾਂ ਲਵਾਈ ਜਾਵੇ ਜੇ ਗੱਲ ਅੱਗੇ ਹੀ ਨਾ ਵਧੇ ਤਾਂ?

ਕਿਸੇ ਦਿਨ ਕਿਸੇ ਬਹੁੰ ਸੁਣੱਖੀ ਬੀਬੀ ਨੇ ਜਦੋਂ ਆਪਣੀ ਕਾਰ ਮੇਰੇ ਪੈਰ ‘ਤੇ ਚਾੜ੍ਹ ਦਿੱਤੀ ਤਾਂ ਮੈਂ ਕਾਯਦੇ ਨਾਲ਼ ਡਿੱਗ ਪਿਆ। ਓਹ-ਨੇ ਹਰੀ ਬੱਤੀ ਦੀ ਉਡੀਕ ਕੀਤੀ, ਤੇ ਚਲੀ ਗਈ। ਕੋਈ ਇਨਸਾਫ਼ ਨਹੀਂ। ਫਿਰ ਮੈਂ ਵੀ ਉੱਠਿਆ, ਤੇ ਚਲਿਆ ਗਿਆ। ਏਨ੍ਹਾਂ ਨੂੰ ਲੋੜ ਨਹੀਂ ਤਾਂ ਅਸੀਂ ਕਿਹੜੇ ਥੁੜੇ ਹਾਂ? ਹੋਰ ਕੇਹੇ ਚੰਗੀ ਥਾਂ ਡਿੱਗਾਂਗੇ? ਹੋਰ-ਥਾਓਂ ਸੱਟਾਂ ਲਵਾਵਾਂਗੇ, ਜਿਹ-ਥਾਂ ਦੋਹਵਾਂ ਦੇ ਲੱਗਣ ਤੇ ਗੱਲ ਅੱਗੇ ਵਧੇ।

ਤੇ ਐਸੀ ਚੰਗੀ ਥਾਂ ਦੀ ਸੋਝੀ ਮੈਨੂੰ ਹੋ ਗਈ ਸੀ—

ਸਾਡੀ ਰਸੋਈ ।


ਰੁਕੋ!

ਇਹ ਸਾਡੀ ਰਸੋਈ ਨਹੀਂ। ਇਹ ਲੋਈ ਲਾਂਘ੍ਹਾ ਏ? ਨਾ ਅੰਦਰ ਏ ਨਾ ਬਾਹਿਰ, ਵਿਚਾਲ਼ੇ ਏ? ਕੋਈ portal ਏ? Leanne ਦੀ ਰਸੋਈ ਚੋਂ ਨਿਕਲ ਜਾਣ ਤੋਂ ਦੋ ਸਾਲ ਬਾਅਦ ਸਿਆਲਾ 2026?

ਇਹ ਤਾਂ ਗੀਤਾਭੈਣ ਦੀ ਰਸੋਈ ਏ।

ਤਾਂ ਇਹ ਗੱਲ Leanne ਦੀ ਰਸੋਈ ਦੀ ਕੰਧ ਚ ਵੜਨ ਤੋਂ ਦੋ ਸਾਲ ਬਾਅਦ ਦੀ ਏ। ਸਾਡੀ ਰਸੋਈ ਚ ਲੋਕ ਅੰਝ ਹੀ ਗਾਇਬ ਤੇ ਪਰਗਟ ਹੋਵੰਦੇ ਰਹਿੰਦੇ ਨ। ਮੇਰੇ ਦੋ ਸਾਲ਼ ਖਾਧੇ ਗਏ, ਪਰ ਅੱਗੇ ਜਾ ਕੇ ਦਸਦਾ ਵਾਂ, ਮੈਂ ਨਿਕਲਿਆ ਕਿਥਾਂ ਜਾ ਕੇ।

Leanne’s meets everyone the same way: briefand light touc, given to everyone before she leaves.

But the narrator has begun to notice what cannot be given with food.

There are other hungers now— for touch, for being remembered, for a message that says you are needed, for something that might make the distance between two people smaller.

The narrator knows there are places where people collide and nothing happens. He is looking for another kind of place to fall.

He already knows one.

The (eternal) kitchen.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →